ਬਰਨਾਲਾ: ਬਰਨਾਲਾ ਦੇ ਸੀਆਈਏ ਸਟਾਫ ਵਲੋਂ ਦੋ ਮੁਲਜ਼ਮਾਂ ਨੂੰ ਡੇਢ ਲੱਖ ਨਸ਼ੀਲੀ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਸਕਾਰਪੀਓ ਅਤੇ ਐਕਸਯੂਵੀ ਗੱਡੀਆਂ ਬਰਾਮਦ ਕੀਤੀਆਂ ਹਨ। ਕਾਬੂ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਵਿਰੁੱਧ ਪਹਿਲਾਂ ਵੀ ਨਸ਼ਾ ਵੇਚਣ ਦੇ ਮਾਮਲੇ ਦਰਜ ਹਨ। ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਬੱਬੂ ਸਿੰਘ ਉੱਤੇ ਇੱਕ ਅਤੇ ਮਨਦੀਪ ਸਿੰਘ ਉੱਤੇ ਨਸ਼ਾ ਤਸਕਰੀ ਦੇ ਦੋ ਮਾਮਲੇ ਪਹਿਲਾਂ ਵੀ ਦਰਜ ਹਨ।
ਬਾਹਰੋਂ ਨਸ਼ੀਲੀਆਂ ਗੋਲੀਆਂ ਲਿਆ ਕੇ ਕਰਦੇ ਸੀ ਸਪਲਾਈ: ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਬਰਨਾਲਾ ਦੇ ਐਸਪੀ(ਡੀ) ਦੀ ਅਗਵਾਈ ਵਿੱਚ ਸੀਆਈਏ ਸਟਾਫ਼ ਵਲੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਤੋਂ ਡੇਢ ਲੱਖ ਨਸ਼ੀਲੀਆਂ ਗੋਲੀਆਂ ਅਤੇ ਦੋ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮ ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਹਨ। ਇਹ ਮੁਲਜ਼ਮ ਬਾਹਰੋਂ ਨਸ਼ੀਲੀਆਂ ਗੋਲੀਆਂ ਲਿਆ ਕੇ ਬਰਨਾਲਾ ਦੀ ਸੈਂਸੀ ਬਸਤੀ ਵਿੱਚ ਨਸ਼ੀਲੀਆਂ ਗੋਲੀਆਂ ਸਪਲਾਈ ਕਰਦੇ ਸਨ। ਉਨ੍ਹਾਂ ਦੱਸਿਆ ਦੋਵੇਂ ਮੁਲਜ਼ਮਾਂ ਵਿਰੁੱਧ ਪਹਿਲਾਂ ਵੀ ਨਸ਼ੇ ਦੇ ਮਾਮਲੇ ਦਰਜ ਹਨ। ਸੰਦੀਪ ਕੁਮਾਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਦੋਸ਼ੀਆਂ ਤੋਂ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਸੂਚਨਾ ਦੇ ਆਧਾਰ 'ਤੇ ਕੀਤੀ ਗਈ ਕਾਰਵਾਈ: ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਸੂਚਨਾ ਦੇ ਆਧਾਰ ਉੱਤੇ ਇਹ ਕਾਰਵਾਈ ਕੀਤੀ ਗਈ ਹੈ। ਮੁਲਜ਼ਮਾਂ ਦੀ ਪਛਾਣ ਬੱਬੂ ਸਿੰਘ ਤੇ ਮਨਦੀਪ ਸਿੰਘ, ਪਟਿਆਲਾ ਵਾਸੀ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਮੁਲਜ਼ਮ ਵੱਖ ਵੱਖ ਥਾਂਵਾ ਉੱਤੇ ਨਸ਼ਾ ਸਪਲਾਈ ਕਰਦੇ ਸੀ। ਬੱਬੂ ਸਿੰਘ ਉੱਤੇ ਇੱਕ ਅਤੇ ਮਨਦੀਪ ਸਿੰਘ ਉੱਤੇ ਨਸ਼ਾ ਤਸਕਰੀ ਦੇ ਦੋ ਮਾਮਲੇ ਪਹਿਲਾਂ ਵੀ ਦਰਜ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਜਾਂਚ ਚੱਲ ਰਹੀ ਹੈ। ਜੋ ਵੀ ਹੋਰ ਤੱਥ ਸਾਹਮਣੇ ਆਉਣਗੇ ਉਸ ਆਧਾਰ ਉੱਤੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: 108 ਐਂਬੂਲੈਂਸ ਦੀ ਚੱਲ ਰਹੀ ਹੜਤਾਲ ਖਤਮ, ਪੰਜਾਬ ਸਰਕਾਰ ਦੇ ਭਰੋਸੇ ਤੋਂ ਬਾਅਦ ਐਂਬੂਲੈਂਸ ਸੇਵਾ ਬਹਾਲ