ਬਰਨਾਲਾ: ਪੰਜਾਬ ਵਿਚ ਕੋਰੋਨਾ ਮਹਾਂਮਾਰੀ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਨੇ ਲਾਕਡਾਊਨ ਲਗਾਇਆ ਸੀ। ਜਿਸ ਦੇ ਤਹਿਤ 15 ਮਈ ਤੱਕ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਹੀ ਬੰਦ ਰਹਿਣਗੀਆਂ ਪਰ ਗੈਰ ਜ਼ਰੂਰੀ ਸੇਵਾਵਾਂ ਠੱਪ ਰਹਿਣਗੀਆਂ।ਇਸ ਦੌਰਾਨ ਬਰਨਾਲਾ ਵਿਚ ਲਾਕਡਾਊਨ ਦੇ ਦੂਜੇ ਦਿਨ ਹੀ ਵਪਾਰੀ ਅਤੇ ਦੁਕਾਨਦਾਰ ਨੇ ਸੜਕਾਂ ਉੱਤੇ ਆ ਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਤਿੱਖੀ ਬਹਿਸ ਬਾਜ਼ੀ ਹੋਈ।ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ।
ਇਸ ਬਹਿਸ ਬਾਜ਼ੀ ਦੌਰਾਨ ਪੁਲਿਸ ਨੇ ਦੁਕਾਨਦਾਰਾਂ ਨੂੰ ਸਰਕਾਰ ਦੀਆਂ ਗਾਈਡ ਲਾਈਨਜ਼ ਨੂੰ ਮੰਨਣ ਦੀ ਹਦਾਇਤ ਦਿੱਤੀ ਪਰ ਦੂਜੇ ਪਾਸੇ ਦੁਕਾਨਦਾਰ ਦੁਕਾਨਾਂ ਨੂੰ ਖੋਲਣ ਦੀ ਜ਼ਿੱਦ ਉੱਤੇ ਅੜ ਗਏ।ਵਪਾਰ ਮੰਡਲ ਦੀ ਅਗਵਾਈ ਵਿਚ ਸਵੇਰੇ ਕੁੱਝ ਸਮੇਂ ਲਈ ਦੁਕਾਨਾਂ ਖੁੱਲ੍ਹੀਆਂ ਰੱਖੀਆਂ ਗਈਆਂ ਫਿਰ ਬੰਦ ਕਰ ਦਿੱਤੀਆਂ।
ਇਸ ਸਮੇਂ ਪ੍ਰਦਰਸ਼ਨਕਾਰੀ ਦੁਕਾਨਦਾਰਾਂ ਅਤੇ ਵਪਾਰੀਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਸਰਕਾਰ ਆਪਣੀ ਨਾਲਾਇਕੀ ਲੁਕਾਉਣ ਲਈ ਲੌਕਡਾਊਨ ਲਗਾ ਰਹੀ ਹੈ। ਸਰਕਾਰ ਕੋਲ ਕੋਰੋਨਾ ਨਾਲ ਨਜਿੱਠਣ ਲਈ ਕੋਈ ਪਲੈਨਿੰਗ ਨਹੀਂ ਹੈ। ਸਰਕਾਰ ਆਕਸੀਜਨ, ਵੈਕਸੀਨ ਜਾਂ ਹੋਰ ਪ੍ਰਬੰਧ ਕਰਨ ਦੀ ਥਾਂ, ਲੋਕਾਂ ਦੇ ਕਾਰੋਬਾਰ ਬੰਦ ਕਰਨ ਲੱਗੀ ਹੈ। ਇਸ ਤਰ੍ਹਾਂ ਕਰਨ ਨਾਲ ਲੋਕ ਭੁੱਖਮਰੀ ਦਾ ਸ਼ਿਕਾਰ ਹੋਣਗੇ। ਵਪਾਰੀ ਅਤੇ ਦੁਕਾਨਦਾਰ ਕਰਜ਼ੇ ਥੱਲੇ ਆ ਜਾਣਗੇ। ਪਿਛਲੇ ਸਾਲ ਲੱਗੇ ਕਰਫ਼ਿਊ ਅਤੇ ਲਾਕਡਾਊਨ ਦੌਰਾਨ ਵੀ ਸਰਕਾਰ ਨੇ ਵਪਾਰੀ ਜਾਂ ਦੁਕਾਨਦਾਰਾਂ ਨੂੰ ਕੋਈ ਰਾਹਤ ਨਹੀਂ ਦਿੱਤੀ।
ਇਸ ਸਬੰਧੀ ਡੀਐਸਪੀ ਬਰਨਾਲਾ ਲਖਵੀਰ ਸਿੰਘ ਟਿਵਾਣਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਕਾਰਨ ਪੰਜਾਬ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਜਾਰੀ ਹਨ। ਜਿਸ ਕਰਕੇ ਸਾਰੀਆਂ ਦੁਕਾਨਾਂ ਖੋਲ੍ਹਣ 'ਤੇ ਪਾਬੰਦੀ ਲਗਾਈ ਗਈ ਹੈ। ਜਿਸ ਦਾ ਵਿਰੋਧ ਕਰਨ ਵਾਲੇ ਦੁਕਾਨਦਾਰਾਂ ਨੂੰ ਇਸ ਸਬੰਧੀ ਸਮਝਾ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਦੁਕਾਨਦਾਰ ਸਮਝਦਾਰੀ ਦਿਖਾਉਂਦੇ ਹੋਏ ਆਪੋ ਆਪਣੇ ਘਰਾਂ ਨੂੰ ਚਲੇ ਗਏ ਹਨ ਅਤੇ ਮਾਹੌਲ ਸ਼ਾਂਤਮਈ ਹਨ।
ਇਹ ਵੀ ਪੜੋ:ਬਠਿੰਡਾ: ਦੁਕਾਨਾਂ ਬੰਦ ਕਰਵਾਉਣ ਆਈ ਪੁਲਿਸ ਨਾਲ ਧੱਕਾ ਮੁੱਕੀ