ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਵਿਖੇ ਕਿਸਾਨਾਂ ਦਾ ਸੰਘਰਸ਼ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ। ਇਸ ਸੰਘਰਸ਼ ਵਿੱਚ ਵੱਖ-ਵੱਖ ਵਰਗਾਂ ਵੱਲੋਂ ਲਗਾਤਾਰ ਹਮਾਇਤ ਕੀਤੀ ਜਾ ਰਹੀ ਹੈ। ਇਸੇ ਤਹਿਤ ਐਤਵਾਰ ਨੂੰ ਬਰਨਾਲਾ ਤੋਂ ਸਾਬਕਾ ਫੌਜੀਆਂ ਦਾ ਜੱਥਾ ਦਿੱਲੀ ਮੋਰਚੇ ਲਈ ਰਵਾਨਾ ਹੋਇਆ। ਸਾਬਕਾ ਫੌਜੀਆਂ ਨੇ ਕਿਸਾਨਾਂ ਦੀ ਜਿੱਤ ਦੀ ਅਰਦਾਸ ਕੀਤੀ ਜਿਸ ਉਪਰੰਤ ਆਪਣੇ ਤਮਗੇ ਲਗਾ ਕੇ ਸਾਬਕਾ ਫੌਜੀ 'ਜੈ ਜਵਾਨ ਜੈ ਕਿਸਾਨ' ਦੇ ਨਾਅਰੇ ਲਗਾਉਂਦੇ ਹੋਏ ਦਿੱਲੀ ਲਈ ਰਵਾਨਾ ਹੋਏ।
ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਫੌਜੀਆਂ ਦੀ ਜੱਥੇਬੰਦੀ ਦੇ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਛੇਤੀ ਕਾਨੂੰਨ ਸਮੁੱਚੇ ਦੇਸ਼ ਦੀ ਕਿਸਾਨੀ ਅਤੇ ਖੇਤੀ ਨੂੰ ਬਰਬਾਦ ਕਰਨ ਵਾਲੇ ਹਨ। ਇਸੇ ਲਈ ਠੰਢ ਵਿੱਚ ਵੀ ਕਿਸਾਨ ਦਿੱਲੀ ਦੀਆਂ ਸੜਕਾਂ 'ਤੇ ਰਾਤਾਂ ਗੁਜ਼ਾਰ ਕੇ ਵਿਰੋਧ ਕਰ ਰਹੇ ਹਨ। ਪਰ ਸਰਕਾਰ ਵੱਲੋਂ ਹੱਕ ਮੰਗਦੇ ਕਿਸਾਨਾਂ ਨੂੰ ਨਕਸਲਵਾਦੀ ਅਤੇ ਅੱਤਵਾਦੀ ਆਖਕੇ ਦੇਸ਼ ਦੇ ਅੰਨਦਾਤੇ ਦੀ ਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਮੁੱਚੇ ਦੇਸ਼ ਦੇ ਸਾਬਕਾ ਫੌਜੀ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਉਨ੍ਹਾਂ ਦੇ ਨਾਲ ਹਨ। ਇਸੇ ਕਾਰਨ ਹੀ ਸਾਬਕਾ ਫੌਜੀ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਨ ਲਈ ਜਾ ਰਹੇ ਹਨ। ਜਿੰਨਾ ਸਮਾਂ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ, ਓਨਾ ਸਮਾਂ ਉਹ ਕਿਸਾਨਾਂ ਦੇ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜਨਗੇ।