ਬਰਨਾਲਾ: ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਬਰਨਾਲਾ ਇਕਾਈ ਵੱਲੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਗੈਰ ਜ਼ਿੰਮੇਵਾਰਾਨਾ ਬਿਆਨ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਕੁਮਾਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਹਰਿੰਦਰ ਮੱਲ੍ਹੀਆਂ ਨੇ ਕਿਹਾ ਕਿ ਪੰਜਾਬ ਦੇ ਸਿਹਤ ਮੰਤਰੀ ਵੱਲੋਂ ਅਧਿਆਪਕਾਂ ਤੋਂ ਹੋਰ ਵਿਭਾਗਾਂ ਦਾ ਕੰਮ ਕਰਵਾਉਣ ਸਬੰਧੀ ਬਿਆਨ ਗੈਰ ਜ਼ਿੰਮੇਵਾਰਾਨਾ ਹੈ।
ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੇਸ਼ੱਕ ਵਿਸ਼ਵ ਵਿਆਪੀ ਤਰਾਸਦਿਕ ਸਥਿਤੀ ਮੌਕੇ ਅਧਿਆਪਕ ਮਜਬੂਰੀ ਵੱਸ ਸਕੂਲ ਬੰਦ ਹੋਣ ਕਾਰਣ ਘਰ ਬੈਠੇ ਹਨ। ਪਰ ਬਹੁ-ਗਿਣਤੀ ਅਧਿਆਪਕ ਮੋਹਰੀ ਰਹਿ ਕੇ ਕੋਰੋਨਾ ਮਹਾਂਮਾਰੀ ਸਬੰਧੀ ਲੱਗੀਆਂ ਡਿਊਟੀਆਂ ਵਿੱਚ ਤਾਇਨਾਤ ਵੀ ਹਨ। ਇਹ ਡਿਊਟੀ ਨਿਭਾਉਂਦਿਆਂ ਵੀ ਅਧਿਆਪਕ ਹਰ ਸਮੇਂ ਸਿੱਖਿਆ ਵਿਭਾਗ ਦੇ ਸੰਪਰਕ ਵਿੱਚ ਹਨ। ਉਹ ਵਿਭਾਗ ਵੱਲੋਂ ਸਮੇਂ-ਸਮੇਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਆਨ-ਲਾਈਨ ਪੜਾਈ, ਨਵੇਂ ਦਾਖਲੇ, ਪਾਠ-ਪੁਸਤਕਾਂ ਵੰਡਣ ਦਾ ਕੰਮ, ਮਿਡ-ਡੇ ਮੀਲ ਦਾ ਅਨਾਜ ਵੰਡਣ ਸਮੇਤ ਸਕੂਲਾਂ ਵਿੱਚ ਚਲ ਰਹੇ ਉਸਾਰੀ ਕਾਰਜਾਂ ਦੀ ਦੇਖ-ਰੇਖ ਕਰ ਰਹੇ ਹਨ।
ਇਸ ਦੇ ਬਾਵਜੂਦ ਵੀ ਸਰਕਾਰ ਵੱਲੋਂ ਰਾਸ਼ਟਰ ਨਿਰਮਾਤਾ ਕਹੇ ਜਾਂਦੇ ਅਧਿਆਪਕਾਂ ਦੀਆਂ ਗੈਰ ਵਾਜਬ ਡਿਊਟੀਆਂ ਗ਼ੈਰ ਕਾਨੂੰਨੀ ਮਾਈਨਿੰਗ ਰੋਕਣ ਅਤੇ ਨਾਕਿਆਂ ਤੇ ਗੱਡੀਆਂ ਦੀ ਚੈਕਿੰਗ ਕਰਨ ਲਈ ਲਗਾਈਆਂ ਜਾ ਰਹੀਆਂ ਹਨ। ਮੰਤਰੀ ਵੱਲੋਂ ਅਧਿਆਪਕਾਂ ਨੂੰ ਘਰ ਬੈਠਿਆਂ 'ਬਿਨ੍ਹਾ ਕੰਮ ਤੋਂ ਤਨਖਾਹ ਲੈਣਾ ਕਹਿਣਾ' ਅਧਿਆਪਕ ਵਰਗ ਦਾ ਭਾਰੀ ਅਪਮਾਨ ਹੈ।
ਅਜਿਹਾ ਬਿਆਨ ਰਾਜਸੀ ਆਗੂਆਂ ਦੀ ਅਧਿਆਪਕ ਵਰਗ ਪ੍ਰਤੀ ਮੰਦੀ ਸੋਚ ਦਾ ਪ੍ਰਗਟਾਵਾ ਹੈ ਅਤੇ ਅਧਿਆਪਕਾਂ ਦੇ ਮਾਣ ਸਨਮਾਨ ਅਤੇ ਉਹਨਾਂ ਦੇ ਮਨੋਬਲ ਨੂੰ ਠੇਸ ਪਹੁੰਚਾਉਣ ਵਾਲਾ ਹੈ। ਜਥੇਬੰਦੀ ਨੇ ਜ਼ੋਰਦਾਰ ਮੰਗ ਕੀਤੀ ਹੈ ਕਿ ਮੰਤਰੀ ਆਪਣੇ ਗੈਰ ਜ਼ਿੰਮੇਵਾਰਨਾ ਬਿਆਨ ਨੂੰ ਤੁਰੰਤ ਵਾਪਸ ਲਵੇ, ਨਹੀਂ ਤਾਂ ਪੰਜਾਬ ਦੇ ਅਧਿਆਪਕ ਜਥੇਬੰਦ ਐਕਸ਼ਨਾਂ ਰਾਹੀ ਆਪਣੇ ਰੋਹ ਦਾ ਪ੍ਰਗਟਾਵਾ ਕਰਨਗੇ।