ਬਰਨਾਲਾ: ਆਮ ਆਦਮੀ ਪਾਰਟੀ ਦੇ ਬਾਗੀ ਅਤੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖਹਿਰਾ ਦੇ ਸਿਆਸੀ ਸਲਾਹਕਾਰ ਦਵਿੰਦਰ ਸਿੰਘ ਬੀਹਲਾ ਸੋਮਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਿਸ਼ੇਸ਼ ਤੌਰ 'ਤੇ ਬਰਨਾਲਾ ਦੇ ਪਿੰਡ ਬੀਹਲਾ 'ਚ ਦਵਿੰਦਰ ਸਿੰਘ ਦੇ ਗ੍ਰਹਿ ਵਿਖੇ ਪਹੁੰਚੇ। ਜਿੱਥੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਲੀਡਰਸ਼ਿਪ ਦੀ ਹਾਜ਼ਰੀ ਵਿੱਚ ਦਵਿੰਦਰ ਸਿੰਘ ਬੀਹਲਾ ਨੂੰ ਅਕਾਲੀ ਦਲ ਵਿੱਚ ਸ਼ਾਮਲ ਕੀਤਾ।
ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਦਵਿੰਦਰ ਸਿੰਘ ਬੀਹਲਾ ਵੱਲੋਂ ਆਮ ਆਦਮੀ ਪਾਰਟੀ ਲਈ ਵੱਡੇ ਪੱਧਰ 'ਤੇ ਕੰਮ ਕੀਤਾ ਗਿਆ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਵੱਡਾ ਬਲ ਮਿਲੇਗਾ, ਕਿਉਂਕਿ ਇੱਕ ਹੀਰਾ ਆਗੂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਇਆ ਹੈ।
ਉਧਰ ਇਸ ਮੌਕੇ ਸੰਬੋਧਨ ਕਰਦੇ ਹੋਏ ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਉਨ੍ਹਾਂ ਨੇ ਬਰਨਾਲਾ ਜ਼ਿਲ੍ਹੇ ਦੀਆਂ ਤਿੰਨੇ ਸੀਟਾਂ ਵਾਲੀ ਪਾਰਟੀ ਨੂੰ ਜਿਤਾਉਣ ਲਈ ਜ਼ਮੀਨੀ ਪੱਧਰ 'ਤੇ ਪੂਰੀ ਜ਼ੋਰ ਅਜ਼ਮਾਈ ਕੀਤੀ ਪਰ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਟਿਕਟਾਂ ਦੀ ਖਰੀਦ ਵੇਚ ਕਰਨ ਕਰਕੇ ਪਾਰਟੀ ਨੂੰ ਪੰਜਾਬ ਪੱਧਰ 'ਤੇ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਮੁੱਖ ਮੰਤਰੀ ਬਣਨ ਦੇ ਲਾਲਚ ਵਿੱਚ ਪਾਰਟੀ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੈ।
ਇਹ ਵੀ ਪੜੋ: ਬੇਅਦਬੀ ਮਾਮਲੇ ਵਿੱਚ ਰਾਮ ਰਹੀਮ ਦਾ ਨਾਂਅ ਨਾਮਜ਼ਦ, SIT ਨੇ ਪੇਸ਼ ਕੀਤਾ ਚਲਾਨ
ਦਵਿੰਦਰ ਬੀਹਲਾ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਤਨੋ, ਮਨੋ, ਧਨੋ ਜ਼ਮੀਨੀ ਪੱਧਰ 'ਤੇ ਕੰਮ ਕਰਨਗੇ ਅਤੇ ਤਿੰਨੇ ਸੀਟਾਂ ਜਿੱਤ ਕੇ ਸੁਖਬੀਰ ਸਿੰਘ ਬਾਦਲ ਦੀ ਝੋਲੀ ਪਾਉਣਗੇ।