ਬਰਨਾਲਾ: ਪੰਜਾਬ ਵਿੱਚ ਸੁਰੱਖਿਆ ਦਾ ਮਾਮਲਾ ਲਗਾਤਾਰ ਸੁਰਖੀਆਂ ਚ ਬਣਿਆ ਹੋਇਆ ਹੈ। ਇਸ ਨੂੰ ਲੈ ਕੇ ਵਿਰੋਧੀਆਂ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਇਸੇ ਤਹਿਤ ਹੀ ਬੀਤੇ ਦਿਨੀਂ ਪ੍ਰਸਿੱਧ ਗੀਤਕਾਰ ਜਾਨੀ ਨੇ ਆਪਣੀ ਜਾਨ ਦਾ ਖ਼ਤਰਾ ਦੱਸਦਿਆਂ ਗੈਂਗਸਟਰਾਂ ਵਲੋਂ ਧਮਕੀਆ ਮਿਲਣ ਦਾ ਜ਼ਿਕਰ ਕੀਤਾ ਹੈ ਅਤੇ ਪੰਜਾਬ ਛੱਡਣ ਦੀ ਗੱਲ ਆਖੀ ਹੈ।
ਗੀਤਕਾਰ ਦੇ ਮਸਲੇ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਆਪਣਾ ਪੱਖ ਪੇਸ਼ ਕਰ ਰਹੀ ਹੈ, ਉੱਥੇ ਹੀ ਵਿਰੋਧੀ ਧਿਰਾਂ ਸਰਕਾਰ ਨੂੰ ਸੁਰੱਖਿਆ ਮਾਮਲੇ ਵਿੱਚ ਘੇਰ ਰਹੀਆਂ ਹਨ। ਇਸ ਸਬੰਧੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਆਹਮੋ ਸਾਹਮਣੇ ਆਏ ਹਨ। ਮੀਤ ਹੇਅਰ ਨੇ ਜਿੱਥੇ ਸਰਕਾਰ ਦਾ ਪੱਖ ਰੱਖਿਆ ਹੈ, ਉੱਥੇ ਹੀ ਸੁਖਬੀਰ ਬਾਦਲ ਨੇ ਸਰਕਾਰ ਨੂੰ ਇਸ ਮਾਮਲੇ ’ਤੇ ਘੇਰਿਆ ਹੈ।
ਇਸ ਮਾਮਲੇ ਸਬੰਧੀ ਬਰਨਾਲਾ ਦੇ ਤਪਾ ਮੰਡੀ ਵਿਖੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਪ੍ਰਸਿੱਧ ਗੀਤਕਾਰ ਜਾਨੀ ਵਲੋਂ ਸੁਰੱਖਿਆ ਦੇ ਮਾਮਲੇ ’ਤੇ ਪੰਜਾਬ ਛੱਡਣਾ ਮੰਦਭਾਗਾ ਹੈ। ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਪੰਜਾਬ ਦੇ ਹਰ ਨਾਗਰਿਕ ਦੀ ਸੁਰੱਖਿਆ ਖ਼ਤਰੇ ਵਿੱਚ ਹੈ।
ਉਨ੍ਹਾਂ ਅੱਗੇ ਕਿਹਾ ਕਿ ਗੈਂਗਸਟਰ ਸ਼ਰੇਆਮ ਵਪਾਰੀਆਂ ਤੇ ਆਮ ਲੋਕਾਂ ਨੂੰ ਧਮਕੀਆਂ ਦੇ ਕੇ ਪੈਸੇ ਵਸੂਲ ਰਹੇ ਹਨ। ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ, ਜਦਕਿ ਪੰਜਾਬ ਨੂੰ ਗੈਂਗਸਟਰ ਚਲਾ ਰਹੇ ਹਨ। ਰੋਜ਼ਾਨਾ ਡੀਜੀਪੀ ਅਤੇ ਐਸਐਸਪੀ ਬਦਲੇ ਜਾ ਰਹੇ ਹਨ। ਜੇਕਰ ਹਾਲਾਤ ਇਹੀ ਰਹੇ ਤਾਂ ਪੰਜਾਬ ਥੋੜੇ ਸਮੇਂ ਵਿੱਚ ਹੀ ਖਾਲੀ ਹੋ ਜਾਵੇਗਾ।
ਉੱਥੇ ਦੂਜੇ ਪਾਸੇ ਇਸ ਸਬੰਧੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਲਗਾਤਾਰ ਕਾਨੂੰਨ ਵਿਵਸਥਾ ’ਤੇ ਕੰਟਰੋਲ ਰੱਖ ਰਹੀ ਹੈ। ਗਾਇਕ ਸਿੱਧੂ ਮੂਸੇ ਵਾਲਾ ਦੀ ਦੁੱਖਦਾਈ ਮੌਤ ਦੀ ਘਟਨਾ ਤੋਂ ਬਾਅਦ ਪੁਲਿਸ ਦੀ ਕਾਰਵਾਈ ਸਖ਼ਤ ਹੋਈ ਹੈ। ਸੈਂਕੜੇ ਗੈਂਗਸਟਰ ਅਤੇ ਮਾੜੇ ਅਨਸਰਾਂ ਨੂੰ ਪੁਲਿਸ ਵਲੋਂ ਕਾਬੂ ਵੀ ਕੀਤਾ ਗਿਆ ਹੈ।
ਉੱਥੇ ਹੀ ਉਨ੍ਹਾਂ ਨੇ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਕਿਸੇ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਗੈਂਗਸਟਰ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਵਿੱਚ ਲੱਗੇ ਨੌਜਵਾਨ ਆਪਣੇ ਗਲਤ ਕੰਮ ਛੱਡ ਕੇ ਮੁੱਖ ਧਾਰਾ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਉਹਨਾਂ ਗਾਇਕ ਜਾਨੀ ਦੇ ਮਾਮਲੇ ਵਿਚ ਕਿਹਾ ਕਿ ਪੰਜਾਬ ਦੇ ਹਰ ਗਾਇਕ, ਵਪਾਰੀ ਅਤੇ ਹਰ ਨਾਗਰਿਕ ਦੀ ਸੁਰੱਖਿਆ ਦਾ ਜ਼ਿੰਮਾ ਪੰਜਾਬ ਸਰਕਾਰ ਦਾ ਹੈ।
ਇਹ ਵੀ ਪੜੋ: ਅਧਿਆਪਕਾਂ ਦੀ ਭਰਤੀ ਨੂੰ ਲੈ ਕੇ ਸਕੂਲ ਨੂੰ ਲਾਇਆ ਜਿੰਦਰਾ, ਨੌਜਵਾਨਾਂ ਨੇ ਫਿਰ ਇਸ ਤਰ੍ਹਾਂ ਪੜਾਏ ਬੱਚੇ