ਬਰਨਾਲਾ: ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਵਿੱਚ ਖੇਤੀ ਬਿੱਲਾਂ ਦੇ ਮਾਮਲੇ ਉੱਤੇ ਕਿਸਾਨਾਂ ਦੇ ਸੰਘਰਸ਼ ਦੇ ਹੱਕ ਵਿੱਚ ਸਥਾਨਕ ਕਚਿਹਰੀ ਚੌਂਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਆਪ ਕਾਰਕੁਨਾਂ ਨੇ ਪੱਕਾ ਕਾਲਜ ਰੋਡ ਦੇ ਪੁਲ ਉੱਤੇ ਹੱਥ ਵਿੱਚ ਮਾਟੋ ਫੜ ਕੇ ਆਮ ਲੋਕਾਂ ਨੂੰ ਕਿਸਾਨਾਂ ਦੇ ਹੱਕ ਵਿੱਚ ਆਉਣ ਦੀ ਅਪੀਲ ਕੀਤੀ।
ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਖੇਤੀ ਆਰਡੀਨੈਂਸਾਂ ਵਿਰੁੱਧ ਇਹ ਲੜਾਈ ਸਿਰਫ਼ ਕਿਸਾਨਾਂ ਦੀ ਨਹੀਂ ਹੈ ਇਹ ਹਰ ਵਰਗ ਦੀ ਲੜਾਈ ਹੈ। ਕਿਸਾਨੀ ਨਾਲ ਸਾਰੇ ਹੀ ਕਿੱਤੇ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਜਿੱਥੇ 25 ਸਤੰਬਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ ਉੱਥੇ ਹੀ ਹੁਣ ਅਕਾਲੀ ਦਲ ਵੱਲੋਂ 25 ਸਤੰਬਰ ਨੂੰ ਸੜਕਾਂ ਜਾਮ ਕਰਨ ਦੀ ਗੱਲ ਆਖੀ ਗਈ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ 25 ਨੂੰ ਆਪਣੇ ਸੰਘਰਸ਼ ਦਾ ਐਲਾਨ ਕਰਨ ਨੂੰ ਕਿਸਾਨ ਸੰਘਰਸ਼ ਨਾਲ ਗਦਾਰੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਭਾਜਪਾ ਸਰਕਾਰ ਦਾ ਹਿੱਸਾ ਵੀ ਹੈ। ਸੁਖਬੀਰ ਸਿੰਘ ਬਾਦਲ ਨਰਿੰਦਰ ਮੋਦੀ ਦੇ ਏਜੰਟ ਬਣ ਗਏ ਹਨ।
ਇਸ ਦੇ ਨਾਲ ਹੀ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਇਹ ਆਰਡੀਨੈਂਸ ਲਿਆਉਣ ਵਾਲੀ ਸਲਾਹਕਾਰ ਕਮੇਟੀ ਦੇ ਮੈਂਬਰ ਰਹੇ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਅਤੇ ਮਨਪ੍ਰੀਤ ਬਾਦਲ ਵੀ ਦਿੱਲੀ ਵਿੱਚ ਸਲਾਹਕਾਰ ਕਮੇਟੀ ਦੀ ਮੀਟਿੰਗ ਵਿੱਚ ਵੀ ਭਾਗ ਲੈ ਚੁੱਕੇ ਹਨ। ਇਸ ਗੱਲ ਦਾ ਖੁਲਾਸਾ ਖ਼ੁਦ ਕੇਂਦਰੀ ਸਰਕਾਰ ਦੇ ਮੰਤਰੀ ਕਰ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਕਾਂਗਰਸ ਦੇ ਮੈਨੀਫੈਸਟੋ ਵਿੱਚ ਅਜਿਹੇ ਐਕਟ ਲਿਆਉਣ ਬਾਰੇ ਲਿਖਿਆ ਹੋਇਆ ਹੈ। ਆਪ ਵਿਧਾਇਕ ਨੇ ਸੰਨੀ ਦਿਓਲ ਉੱਤੇ ਤੰਜ ਕਸਦਿਆਂ ਕਿਹਾ ਕਿ ਢਾਈ ਕਿੱਲੋ ਦੇ ਹੱਥ ਵਾਲੇ ਜਿਹੜੇ ਅੱਜ ਪੰਜਾਬ ਤੋਂ ਜਿੱਤ ਕੇ ਕਿਸਾਨਾਂ ਦੇ ਉਲਟ ਖੜੇ ਹਨ। ਉਨ੍ਹਾਂ ਦਾ ਵੀ ਘਿਰਾਓ ਆਪ ਆਦਮੀ ਪਾਰਟੀ ਵੱਲੋਂ ਕੀਤਾ ਜਾਵੇਗਾ ਅਤੇ ਉਨ੍ਹਾਂ ਤੋਂ ਇਸ ਮਾਮਲੇ ਉੱਤੇ ਜਵਾਬ ਵੀ ਮੰਗੇ ਜਾਣਗੇ।
ਇਹ ਵੀ ਪੜ੍ਹੋ:ਫ਼ਾਜ਼ਿਲਕਾ ਦੇ ਪਿੰਡ ਚੂਹੜੀ ਵਾਲਾ ਧੰਨਾ 'ਚ ਵਿਅਕਤੀ ਦੀ ਭੇਦਭਰੇ ਹਾਲਾਤ ਵਿੱਚ ਮੌਤ