ਬਰਨਾਲਾ: ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਤੇ ਇਸ ਦੇ ਹੋਰ ਪ੍ਰਚਾਰ ਤੇ ਪ੍ਰਸਾਰ ਲਈ ਆਉਂਦੇ ਦਿਨੀਂ ਵਿਆਪਕ ਮੁਹਿੰਮ ਵਿੱਢੀ ਜਾਵੇਗੀ। ਇਹ ਪ੍ਰਗਟਾਵਾ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਸ਼ਾ ਵਿਭਾਗ ਵੱਲੋਂ ਵਾਈਐੱਸ ਕਾਲਜ, ਹੰਡਿਆਇਆ ਵਿਖੇ ਪ੍ਰਸਿੱਧ ਕਿੱਸਾਕਾਰ ਵਾਰਿਸ ਸ਼ਾਹ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮ ਦੌਰਾਨ ਕੀਤਾ।
ਇਸ ਮੌਕੇ ਉਨਾਂ ਕਿਹਾ ਕਿ ਪੰਜਾਬੀ ਬੋਲੀ ਤੇ ਭਾਸ਼ਾ ਨੂੰ ਹੋਰ ਮਕਬੂਲ ਕਰਨ ਲਈ ਸਾਂਝੇ ਉਦਮਾਂ ਤੇ ਇਸ ਨੂੰ ਦਿਲੋਂ ਅਪਣਾਉਣ ਦੀ ਲੋੜ ਹੈ। ਮੀਤ ਹੇਅਰ ਨੇ ਕਿਹਾ ਕਿ ਇਸ ਸਬੰਧੀ ਪਲੇਠਾ ਕਦਮ ਪੁੱਟਦੇ ਹੋਏ ਰਾਜ ਦੇ ਸਮੂਹ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ ਤੇ ਹੋਰ ਥਾਵਾਂ ’ਤੇ ਨਾਮ ਪੱਟੀਆਂ, ਸਾਈਨ ਬੋਰਡ ਆਦਿ ਉਤੇ ਸਭ ਤੋਂ ਉਪਰ ਪੰਜਾਬੀ ਵਿਚ ਨਾਮ ਲਿਖਣ ਬਾਰੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਹੁਣ ਆਉਦੇ ਦਿਨੀਂ ਵਿਆਪਕ ਮੁਹਿੰਮ ਚਲਾਈ ਜਾਵੇਗੀ, ਜਿਸ ਵਿਚ ਉਹ ਖ਼ੁਦ ਸ਼ਾਮਲ ਹੋ ਕੇ ਪ੍ਰਾਈਵੇਟ ਸੰਸਥਾਵਾਂ, ਮਾਲਾਂ ਆਦਿ ਵਿੱਚ ਨਾਮ ਪੱਟੀਆਂ ’ਤੇ ਸਭ ਤੋਂ ਉਪਰ ਪੰਜਾਬੀ ’ਚ ਨਾਮ ਲਿਖਣ ਲਈ ਲੋਕਾਂ ਨੂੰ ਗੁਜ਼ਾਰਿਸ਼ ਕਰਨਗੇ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲ ਕਰਦੇ ਹੋਏ 30 ਕਰੋੜ ਰੁਪਏ ਦਾ ਬਜਟ ਵੱਖ ਵੱਖ ਜ਼ਿਲਿਆਂ ਵਿਚ ਲਾਇਬ੍ਰੇਰੀਆਂ ਬਣਾਉਣ ਲਈ ਰੱਖਿਆ ਗਿਆ ਹੈ ਤੇ ‘ਸਾਹਿਤ ਦੇ ਮੱਕੇ’ ਬਰਨਾਲਾ ਵਿੱਚ ਆਧੁਨਿਕ ਲਾਇਬ੍ਰੇਰੀ ਬਣਾਉਣ ਦੇ ਨਾਲ ਨਾਲ ਸਾਹਿਤਕਾਰਾਂ ਲਈ ਭਵਨ ਵੀ ਉਸਾਰਿਆ ਜਾਵੇਗਾ। ਇਸ ਮੌਕੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਪੰਜਾਬੀ ਭਾਸ਼ਾ ਤੇ ਬੋਲੀ ’ਤੇ ਗੱਲ ਕਰਦੇ ਹੋਏ ਕਿਹਾ ਕਿ ਉਹੀ ਸਮਾਜ, ਰਾਜ, ਲੋਕ ਅਗਾਂਹਵਧੂ ਹੋ ਸਕਦੇ ਹਨ, ਜੋ ਆਪਣੀ ਮਾਂ ਬੋਲੀ ਦਾ ਸਨਮਾਨ ਕਰਦੇ ਹੋਣ।
ਪੰਜਾਬੀ ਸਾਹਿਤ ਰਤਨ ਸ੍ਰੀ ਓਮ ਪ੍ਰਕਾਸ਼ ਗਾਸੋ ਨੇ ਵਾਰਿਸ ਸ਼ਾਹ ਨੂੰ ਵਿਦਵਤਾ ਦਾ ਚਾਨਣ ਦੱਸਦੇ ਹੋਏ ਕਿਹਾ ਕਿ ‘ਚਾਨਣ’ ਦੀ ਕੋਈ ਜਾਤ ਜਾਂ ਧਰਮ ਨਹੀਂ ਹੁੰਦਾ। ਇਸ ਮੌਕੇ ਸ਼੍ਰੋਮਣੀ ਪੰਜਾਬੀ ਆਲੋਚਕ ਡਾ. ਸੁਰਜੀਤ ਸਿੰਘ ਭੱਟੀ ਨੇ ਵਾਰਿਸ ਸ਼ਾਹ ਦੇ ਜੀਵਨ, ਰਚਨਾ ‘ਹੀਰ’ ਤੇ ਹੋਰ ਰਚਨਾਵਾਂ ਦੇ ਕਈ ਅਣਛੋਹੇ ਪਹਿਲੂਆਂ ਦੀ ਗੱਲ ਕੀਤੀ। ਉਨਾਂ ਕਿਹਾ ਕਿ ਸਾਹਿਤਕਾਰ ਤਾਂ ਸਭ ਦੇ ਸਾਂਝੇ ਹੁੰਦੇ ਹਨ। ਇਸ ਮੌਕੇ ਸ. ਜਗਰਾਜ ਧੌਲਾ ਨੇ ‘ਹੀਰ’ ਦਾ ਗਾਇਨ ਬਾਖੂਬੀ ਕੀਤਾ ।
ਭਾਸ਼ਾ ਵਿਭਾਗ ਦੀ ਸੰਯੁਕਤ ਡਾਇਰੈਕਟਰ ਵੀਰਪਾਲ ਕੌਰ ਨੇ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਜਿੱਥੇ ਪੰਜਾਬ ਰਾਜ ਭਾਸ਼ਾ ਤਰਮੀਮ ਐਕਟ 2008 ਦੀਆਂ ਤਰਮੀਮਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ, ਉਥੇ ਆਉੇਦੇ ਦਿਨੀਂ ਜਨਤਕ ਮੁਹਿੰਮ ਵਿੱਢੀ ਜਾਵੇਗੀ। ਉਨਾਂ ਕਿਹਾ ਕਿ ਭਾਸ਼ਾ ਵਿਭਾਗ ਨੇ ਕਿੱਸਾਕਾਰ ਵਾਰਿਸ ਸ਼ਾਹ ਦੀ 300 ਸਾਲਾ ਜਨਮ ਸ਼ਤਾਬਦੀ ਮਨਾਉਣ ਦੀ ਪਹਿਲ ਕੀਤੀ ਹੈ ਤੇ ਇਹ ਸਮਾਗਮ ਜ਼ਿਲਾ ਪੱਧਰ ’ਤੇ ਵੀ ਕਰਾਏ ਜਾ ਰਹੇ ਹਨ ਤੇ ਵੱਖ ਵੱਖ ਸੰਸਥਾਵਾਂ ਅਤੇ ਸਾਹਿਤ ਅਕਾਦਮੀਆਂ ਵੱਲੋਂ ਵੀ ਕਰਵਾਏ ਜਾਣਗੇ। ਇਸ ਮੌਕੇ ਕੀਰਤੀ ਕਿਰਪਾਲ ਵੱਲੋਂ ਨਿਰਦੇਸ਼ਿਤ ਨਾਟਕ ‘ਵਾਰਿਸ ਸ਼ਾਹ’ ਵੀ ਖੇਡਿਆ ਗਿਆ।
ਚੰਡੀਗੜ ਤੇ ਪੰਜਾਬ ਯੂਨੀਵਰਸਿਟੀ ਸਾਡੀ ਧਰੋਹਰ: ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਸਟੈਂਡ ਸਪੱਸ਼ਟ ਹੈ ਕਿ ਚੰਡੀਗੜ, ਪੰਜਾਬ ਯੂਨੀਵਰਸਿਟੀ ਤੇ ਪੰਜਾਬੀ ਬੋਲਦੇ ਇਲਾਕੇ ਸਾਡੇ ਹਨ ਤੇ ਇਹ ਧਰੋਹਰ ਖੁੱਸਣ ਨਹੀਂ ਦਿੱਤਾ ਜਾਵੇਗਾ। ਉਨਾਂ ਦੁਹਰਾਇਆ ਕਿ ਪੰਜਾਬ ਯੂਨੀਵਰਸਿਟੀ ਨੂੰ ਕਿਸੇ ਵੀ ਹਾਲਤ ’ਚ ਸਾਡੇ ਤੋਂ ਵੱਖ ਨਹੀਂ ਹੋਣ ਦਿੱਤਾ ਜਾਵੇਗਾ।
ਭਾਸ਼ਾ ਵਿਭਾਗ ਦੀਆਂ ਦੋ ਪੁਸਤਕਾਂ ਲੋਕ ਅਰਪਣ: ਇਸ ਮੌਕੇ ਭਾਸ਼ਾ ਵਿਭਾਗ ਦੀਆਂ ਦੋ ਪੁਸਤਕਾਂ ‘ਹਿਮਜ਼ ਆਫ ਸ੍ਰੀ ਗੁਰੂ ਨਾਨਕ ਦੇਵ ਜੀ’ ਅਤੇ ‘ਪੰਥ ਪ੍ਰਕਾਸ਼’ (ਗਿਆਨ ਗਿਆਨ ਸਿੰਘ) ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਸਾਹਿਤਕਾਰ ਸ੍ਰੀ ਓਮ ਪ੍ਰਕਾਸ਼ ਗਾਸੋ ਵੱਲੋਂ ਲੋਕ ਅਰਪਣ ਕੀਤੀਆਂ ਗਈਆਂ।
ਇਹ ਵੀ ਪੜ੍ਹੋ: ਮੁਫ਼ਤ ਬਿਜਲੀ ਨੂੰ ਲੈਕੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਸਰਕਾਰ, ਕਿਹਾ....