ਬਰਨਾਲਾ: ਪੂਰੀ ਦੁਨੀਆਂ ਵਿੱਚ 23 ਅਪ੍ਰੈਲ ਨੂੰ ਕਿਤਾਬ ਦਿਵਸ ਮਨਾਇਆ ਜਾ ਰਿਹੈ ਹੈ, ਮੋਬਾਇਲ ਯੁੱਗ ਕਾਰਨ ਨਵੀਂ ਅਤੇ ਪੁਰਾਣੀ ਪੀੜੀ ਕਿਤਾਬਾਂ ਤੋਂ ਦੂਰ ਹੋ ਰਹੀ ਹੈ। ਇਸ ਦੌਰਾਨ ਪਿੰਡ ਦੀਵਾਨਾ ਦੀ ਸ਼ਹੀਦ ਭਗਤ ਸਿੰਘ ਲਾੲਬ੍ਰੇਰੀ ਨਵੀਂ ਪੀੜੀ ਨੂੰ ਮੋਬਾਇਲਾਂ ’ਚੋਂ ਕੱਢ ਕੇ ਕਿਤਾਬਾਂ ਨਾਲ ਜੋੜ ਰਹੀ ਹੈ, ਲਾਇਬ੍ਰੇਰੀ ਵਲੋਂ ਕਈ ਸਾਲਾਂ ਤੋਂ ਯਤਨ ਜਾਰੀ ਹਨ।
ਵੱਡੀ ਲਾਇਬ੍ਰੇਰੀ ਦੇ ਨਾਲ ਨਾਲ ਦੋ ਮਿੰਨੀ ਓਪਨ ਲਾਇਬ੍ਰੇਰੀਆਂ ਵੀ ਸਥਾਪਿਤ ਕੀਤੀਆਂ ਗਈਆਂ ਹਨ। ਪਿੰਡ ਦੀਵਾਨਾ ਸਮੇਤ ਆਸ-ਪਾਸ ਦੇ ਪਿੰਡਾਂ ਅਤੇ ਲੁਧਿਆਣਾ, ਮੋਗਾ ਜ਼ਿਲਿਅਆਂ ਤੋਂ ਵੀ ਲੋਕ ਕਿਤਾਬਾਂ ਲੈਣ ਆਉਂਦੇ ਹਨ। ਲਾਇਬ੍ਰੇਰੀ ਵਿੱਚ ਹਰ ਤਰਾਂ ਦੀਆਂ ਕਿਤਾਬਾਂ ਮੌਜੂਦ ਹਨ। ਲਾਇਬ੍ਰੇਰੀ ਵਿੱਚ ਬੱਚੇ, ਨੌਜਵਾਨ ਲੜਕੇ ਲੜਕੀਆਂ ਅਤੇ ਔਰਤਾਂ ਵੀ ਕਿਤਾਬਾਂ ਲੈਣ ਆ ਰਹੀਆਂ ਹਨ।
ਲਾਇਬ੍ਰੇਰੀ ਵਿੱਚ ਪੰਜਾਬੀ ਤੋਂ ਇਲਾਵਾ ਹਿੰਦੀ ਅਤੇ ਅੰਗਰੇਜ਼ੀ ਸਾਹਿਤ ਦੀਆਂ ਕਿਤਾਬਾਂ ਵੀ ਮੌਜੂਦ ਹਨ। ਲਾਇਬ੍ਰੇਰੀ ਨਾਲ 100 ਦੇ ਕਰੀਬ ਪੱਕੇ ਪਾਠਕ ਜੁੜੇ ਹੋਏ ਹਨ। ਇਸਤੋਂ ਇਲਾਵਾ ਵੱਡੀ ਲਾਇਬ੍ਰੇਰੀ ਨਾਲ ਦੋ ਮਿੰਨੀ ਓਪਨ ਲਾਇਬ੍ਰੇਰੀਆਂ ਵੀ ਸਥਾਪਿਤ ਹਨ। ਜਿਥੋਂ ਕੋਈ ਵੀ ਵਿਅਕਤੀ ਕਿਸੇ ਵੀ ਸਮੇਂ ਆਪਣੇ ਆਪ ਕਿਤਾਬ ਲੈ ਕੇ ਪੜ ਸਕਦਾ ਹੈ।
ਇਸ ਲਾਇਬ੍ਰੇਰੀ ਨਾਲ ਜੁੜੇ ਪਾਠਕਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਸ ਲਾਇਬ੍ਰੇਰੀ ਨਾਲ ਜੁੜੇ ਹੋਏ ਹਨ। ਇੱਥੋਂ ਉਹਨਾਂ ਨੂੰ ਹਰ ਪ੍ਰਕਾਰ ਦੀਆਂ ਕਿਤਾਬਾਂ ਲੋੜ ਅਨੁਸਾਰ ਮਿਲ ਰਹੀਆਂ ਹਨ। ਕਿਤਾਬਾਂ ਨਾਲ ਜੁੜਨ ਕਰਕੇ ਉਹ ਮਾਨਸਿਕ ਤੌਰ ’ਤੇ ਤੰਦਰੁਸਤ ਹੋਏ ਹਨ।
ਮੋਬਾਈਲਾਂ ਤੋਂ ਛੁਟਕਾਰਾ ਪਾਉਣ ਲਈ ਕਿਤਾਬਾਂ ਸਭ ਤੋਂ ਚੰਗੀਆਂ ਦੋਸਤ ਹਨ। ਉਹਨਾਂ ਕਿਹਾ ਕਿ ਕੋਰੋਨਾ ਕਾਲ ਕਿਤਾਬਾਂ ਨਾਲ ਜੁੜ ਕੇ ਵਧੀਆ ਸਮਾਂ ਬਤੀਤ ਕੀਤਾ ਜਾ ਸਕਦਾ ਹੈ।