ਬਰਨਾਲਾ: ਅਕਸਰ ਹੀ ਤੁਸੀਂ ਦੇਖਿਆ ਹੋਵੇਗਾ ਕਿ ਜ਼ਮੀਨ ਜਾਇਦਾਦ ਜਾਂ ਹੋਰ ਪ੍ਰਾਪਰਟੀ ਲੈਣ ਲਈ ਹਰ ਵਿਅਕਤੀ ਬੈਂਕ ਤੋਂ ਲੋਨ ਦੀ ਸਹੂਲਤ ਲੈਣਾ ਪਸੰਦ ਕਰਦਾ ਹੈ, ਪਰ ਸਹੂਲਤ ਦੇ ਨਾਲ-ਨਾਲ ਇਸ ਦੇ ਨਤੀਜੇ ਕਈ ਵਾਰ ਗਲਤ ਵੀ ਨਿਕਲ ਜਾਂਦੇ ਹਨ। ਇਸੇ ਗਲਤ ਨਤੀਜੇ ਤਹਿਤ ਹੀ ਭਦੌੜ ਦੇ ਬੱਸ ਸਟੈਂਡ ਦੇ ਸਾਹਮਣੇ ਕਲਾਲਾ ਵਾਲਾ ਮੁਹੱਲਾ ਵਿੱਚ SBI ਬੈਂਕ ਵੱਲੋਂ ਸਤਨਾਮ ਸਿੰਘ ਦੀ ਦੁਕਾਨ ਦਾ ਵਾਰੰਟ ਕਬਜ਼ਾ ਲਿਆ ਗਿਆ। ਜਿਸ ਤੋਂ ਬਾਅਦ ਦੁਕਾਨਦਾਰ ਸਤਨਾਮ ਸਿੰਘ ਨੇ ਇਸ ਕਾਰਵਾਈ ਨੂੰ ਆਪਣੇ ਨਾਲ ਧੱਕਾ ਕਰਾਰ ਦਿੱਤਾ ਹੈ।
ਬੈਂਕ ਵੱਲੋਂ ਗਰੰਟੀ ਵਾਲੀ ਦੁਕਾਨ ਦਾ ਅੱਜ ਵਾਰੰਟ ਕਬਜ਼ਾ:- ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਜਿਸਟ੍ਰੇਟ ਡਿਊਟੀ ਅਫ਼ਸਰ ਕਾਨੂੰਗੋ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਭਦੌੜ ਨੇ ਕੁਝ ਸਮਾਂ ਪਹਿਲਾਂ ਪਰਮਜੀਤ ਸਿੰਘ ਨਾਮ ਦੇ ਸੰਗਰੂਰ ਦੇ ਵਿਅਕਤੀ ਦੀ ਲਿਮਟ ਉੱਤੇ ਆਪਣੀ ਦੁਕਾਨ ਦੀ ਗਰੰਟੀ ਪਾਈ ਸੀ ਜੋ ਪਰਮਜੀਤ ਸਿੰਘ ਨੇ ਨਹੀਂ ਭਰੀ ਅਤੇ ਬੈਂਕ ਵੱਲੋਂ ਗਰੰਟੀ ਵਾਲੀ ਦੁਕਾਨ ਦਾ ਅੱਜ ਵਾਰੰਟ ਕਬਜ਼ਾ ਸੀ
ਕਾਨੂੰਗੋ ਯਾਦਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਇਹ ਵਾਰੰਟ ਕਬਜ਼ਾ ਕੁਝ ਮਹੀਨੇ ਪਹਿਲਾਂ ਵੀ ਅਦਾਲਤ ਦੇ ਹੁਕਮਾਂ ਅਨੁਸਾਰ ਉਹ ਕਰਨ ਆਏ ਸਨ ਪਰੰਤੂ ਕੁਝ ਕਾਰਨਾਂ ਕਰਕੇ ਉਸੇ ਸਮੇਂ ਇਹ ਵਰੰਟ ਕਬਜ਼ਾ ਪ੍ਰਸਾਸ਼ਨ ਵੱਲੋਂ ਟਾਲ ਦਿੱਤਾ ਗਿਆ ਸੀ ਅਤੇ ਮਾਣਯੋਗ ਏ ਡੀ ਸੀ ਸਾਹਿਬ ਦੇ ਹੁਕਮਾਂ ਅਨੁਸਾਰ ਪੁਲਿਸ ਫੋਰਸ ਨੂੰ ਨਾਲ ਲੈ ਕੇ ਬੈਂਕ ਅਧਿਕਾਰੀਆਂ ਨੇ ਅੱਜ ਸਤਨਾਮ ਸਿੰਘ ਦੀ ਦੁਕਾਨ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।
ਕਾਨੂੰਗੋ ਯਾਦਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਓਨਾਂ ਦੀ ਡਿਉਟੀ ਹੋਣ ਤੇ ਉਨ੍ਹਾਂ ਨੇ ਦੁਕਾਨ ਤੇ ਪਹੁੰਚਣ ਵੇਲੇ ਸਤਨਾਮ ਸਿੰਘ ਤੋਂ ਉਨ੍ਹਾਂ ਦੇ ਚੱਲ ਰਹੇ ਕੇਸ ਬਾਰੇ ਸਟੇਅ ਮੰਗੀ ਤਾਂ ਸਤਨਾਮ ਸਿੰਘ ਕੋਈ ਵੀ ਸਪਸ਼ਟ ਜਵਾਬ ਨਹੀਂ ਦੇ ਸਕਿਆ ਜਿਸ ਤੋਂ ਬਾਅਦ ਨਾਇਬ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਦੁਕਾਨ ਅੰਦਰ ਪਏ ਸਮਾਨ ਅਤੇ ਫਰਨੀਚਰ ਆਦਿ ਦੀ ਗਿਣਤੀ ਕਰਕੇ ਸਤਨਾਮ ਸਿੰਘ ਦੀ ਦੁਕਾਨ ਨੂੰ ਸੀਲ ਕਰਕੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜ ਦਿੱਤੀ ਹੈ ।
ਪਰਮਜੀਤ ਨੇ ਉਹ ਲਿਮਟ ਨਹੀਂ ਭਰੀ:- ਜਦੋਂ ਇਸ ਸਬੰਧੀ SBI ਬੈਂਕ ਦੇ ਅਧਿਕਾਰੀ ਐਸ.ਐਸ.ਛਾਬੜਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਰਮਜੀਤ ਸਿੰਘ ਵਾਸੀ ਸੰਗਰੂਰ ਨੇ ਪੈਟਰੋਲ ਪੰਪ ਜੋ ਸਹਿਣਾ ਵਿੱਚ ਮੌਜੂਦ ਹੈ ਦੀ 38 ਲੱਖ ਦੀ ਲਿਮਟ ਬਣਵਾਈ ਸੀ। ਜਿਸ ਵਿੱਚ ਸਤਨਾਮ ਸਿੰਘ ਨੇ ਗਰੰਟੀ ਵਜੋਂ ਆਪਣੀ ਦੁਕਾਨ ਦੇ ਕਾਗਜ਼ ਬੈਂਕ ਨੂੰ ਦਿੱਤੇ ਸਨ ਅਤੇ ਪਰਮਜੀਤ ਨੇ ਉਹ ਲਿਮਟ ਨਹੀਂ ਭਰੀ, ਜਿਸ ਦੀ ਕੀਮਤ ਹੁਣ ਤੱਕ 50 ਲੱਖ ਤੋਂ ਵੱਧ ਹੋ ਚੁੱਕੀ ਹੈ।
SBI ਬੈਂਕ ਅਧਿਕਾਰੀ ਐਸ.ਐਸ.ਛਾਬੜਾ ਨੇ ਕਿਹਾ ਕਿ ਸਤਨਾਮ ਸਿੰਘ ਦਾ ਕੇਸ ਮਾਣਯੋਗ ਹਾਈਕੋਰਟ ਵਿੱਚ ਚੱਲ ਰਿਹਾ ਹੈ, ਪਰ ਇਸ ਕੇਸ ਦੀ ਸੁਣਵਾਈ ਏਡੀਸੀ ਸਾਹਿਬ ਵੀ ਕਰ ਰਹੇ ਸਨ ਅਤੇ ਇਹ ਕੇਸ ਮਾਨਯੋਗ ਅਦਾਲਤ ਨੇ ਬੈਂਕ ਦੇ ਹੱਕ ਵਿੱਚ ਕਰ ਦਿੱਤਾ ਸੀ ਅਤੇ ਅਦਾਲਤ ਵੱਲੋਂ ਕੁਝ ਮਹੀਨੇ ਪਹਿਲਾਂ ਹੀ ਵਰੰਟ ਕਬਜ਼ਾ ਬੈਂਕ ਨੂੰ ਦਿਵਾਉਣ ਲਈ ਪੁਲਿਸ ਪ੍ਰਸ਼ਾਸਨ ਨੂੰ ਭੇਜਿਆ ਸੀ। ਪਰ ਕੁੱਝ ਕਾਰਨਾਂ ਕਰਕੇ ਉਸ ਸਮੇਂ ਇਹ ਕਬਜ਼ਾ ਨਹੀਂ ਹੋ ਸਕਿਆ।
SBI ਬੈਂਕ ਅਧਿਕਾਰੀ ਐਸ.ਐਸ.ਛਾਬੜਾ ਨੇ ਕਿਹਾ ਕਿ ਜਿਸ ਦੁਕਾਨ ਉੱਤੇ ਅੱਜ ਸ਼ੁੱਕਰਵਾਰ ਨੂੰ ਮਾਣਯੋਗ ਡੀਸੀ ਸਾਹਿਬ ਦੇ ਆਰਡਰ ਲੈ ਕੇ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਦੁਕਾਨ ਉੱਤੇ ਕਬਜ਼ਾ ਕਰਨ ਆਏ ਸਨ ਤੇ ਪ੍ਰਸਾਸ਼ਨ ਨੇ ਵਰੰਟ ਕਬਜ਼ਾ ਲੈ ਕੇ ਸਤਨਾਮ ਸਿੰਘ ਦੀ ਦੁਕਾਨ ਉਨ੍ਹਾਂ ਦੇ ਕਬਜ਼ੇ ਅਧੀਨ ਕਰ ਦਿੱਤੀ ਹੈ। ਇਸ ਸਮੇਂ ਨਾਇਬ ਤਹਿਸੀਲਦਾਰ ਹਮੀਸ਼ ਕੁਮਾਰ, ਡੀਐਸਪੀ ਤਪਾ ਰਵਿੰਦਰ ਸਿੰਘ ਰੰਧਾਵਾ, ਇੰਸਪੈਕਟਰ ਅਜੈਬ ਸਿੰਘ ਸ਼ਹਿਣਾ, ਇੰਸਪੈਕਟਰ ਜਗਜੀਤ ਸਿੰਘ, ਇੰਸਪੈਕਟਰ ਮਨਜਿੰਦਰ ਸਿੰਘ, ਏ.ਐਸ.ਆਈ. ਮਲਕੀਤ ਸਿੰਘ, ਏ.ਐੱਸ.ਆਈ.ਬਲਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਹਾਜ਼ਰ ਸੀ।
ਦੁਕਾਨ ਮਾਲਕ ਵੱਲੋਂ ਬੈਂਕ 'ਤੇ ਧੱਕੇ ਦਾ ਆਰੋਪ:- ਜਦੋਂ ਇਸ ਸਬੰਧੀ ਦੁਕਾਨ ਦੇ ਮਾਲਕ ਸਤਨਾਮ ਸਿੰਘ ਸੱਤਾ ਸਾਬਕਾ ਕੌਂਸਲਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੈਂਕ ਮੇਰੇ ਨਾਲ ਸਰਾਸਰ ਧੱਕਾ ਕਰ ਰਹੀ ਹੈ। ਉਹਨਾਂ ਕਿਹਾ ਕਿ ਜੋ ਕਰਜ਼ੇ ਦਾ ਰੌਲਾ ਹੈ, ਉਹ ਲਿਮਟ ਪਰਮਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਸੰਗਰੂਰ ਦੇ ਨਾਮ ਉੱਤੇ 38 ਲੱਖ ਬਣੀ ਹੋਈ ਹੈ। ਜੋ ਹੁਣ ਵਿਆਜ਼ ਪੈ ਕੇ 50 ਲੱਖ ਤੋਂ ਵਧੇਰੇ ਹੋ ਗਈ ਅਤੇ ਪਰਮਜੀਤ ਫਿਲਿਗ ਸਟੇਸ਼ਨ ਦੇ ਨਾਮ ਤੇ ਹੀ ਚੈੱਕ ਚੱਲਦੇ ਸਨ।
ਉਹਨਾਂ ਕਿਹਾ ਕਿ ਪਰਮਜੀਤ ਸਿੰਘ ਨਾਲ ਮੇਰੀ ਦੋਸਤੀ ਸੀ, ਉਸ ਨੇ ਮੈਨੂੰ ਭਰੋਸੇ ਵਿੱਚ ਲੈ ਕੇ ਲਿਮਟ ਵਿੱਚ ਮੇਰੀ ਗਰੰਟੀ ਪਵਾ ਦਿੱਤੀ ਅਤੇ ਰਜਿਸਟਰੀ ਮੇਰੀ ਦੁਕਾਨ ਦੀ ਬੈਂਕ ਕੋਲ ਰਖਵਾ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਬੈਂਕ ਕੋਲ ਗੁਹਾਰ ਲਗਾਈ ਹੈ ਕਿ ਪਰਮਜੀਤ ਸਿੰਘ ਦੀ ਕੋਠੀ ਅਤੇ ਪੈਟਰੋਲ ਪੰਪ ਉੱਤੇ ਕਾਰਵਾਈ ਕਰੇ ਅਤੇ ਮੈਨੂੰ ਪਰੇਸ਼ਾਨ ਨਾ ਕਰੇ। ਪ੍ਰੰਤੂ ਮੇਰੀ ਸੁਣਵਾਈ ਨਹੀਂ ਹੋਈ ਅਤੇ ਧੱਕੇ ਨਾਲ ਮੇਰੀ ਦੁਕਾਨ ਨੂੰ ਜ਼ਿੰਦਰਾ ਮਾਰ ਕੇ ਕਬਜ਼ਾ ਕਰ ਲਿਆ ਹੈ, ਜੋ ਮੇਰੇ ਨਾਲ ਸਰਾਸਰ ਧੱਕਾ ਹੈ।