ਬਰਨਾਲਾ: ਕੋਰੋਨਾ ਵਾਇਰਸ ਦੇ ਪਿੰਡਾਂ ਵਿੱਚ ਵਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਪਹਿਲ ਦੇ ਆਧਾਰ 'ਤੇ ਵੈਕਸੀਨੇਸ਼ਨ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਪੰਜਾਬ ਸਰਕਾਰ ਵੱਲੋਂ 100 ਫ਼ੀਸਦੀ ਵੈਕਸੀਨੇਸ਼ਨ ਕਰਵਾਉਣ ਵਾਲੀ ਪੰਚਾਇਤ ਨੂੰ ਦਸ ਲੱਖ ਸਪੈਸ਼ਲ ਵਿਕਾਸ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ ਗਿਆ ਸੀ। ਇਸੇ ਤਹਿਤ ਬਰਨਾਲਾ ਜ਼ਿਲ੍ਹੇ ਦੀਆਂ ਪੰਚਾਇਤਾਂ ਵੱਲੋਂ ਆਪਣੇ ਪੱਧਰ 'ਤੇ ਪਿੰਡਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਵੈਕਸੀਨੇਸ਼ਨ ਸਮੇਤ ਠੀਕਰੀ ਪਹਿਰੇ ਲਗਾਏ ਜਾ ਰਹੇ ਹਨ। ਜਿਸ ਤਹਿਤ ਬਰਨਾਲਾ ਜ਼ਿਲ੍ਹੇ 'ਚੋਂ ਰਾਮਗੜ੍ਹ ਪਿੰਡ ਸੌ ਫ਼ੀਸਦੀ ਵੈਕਸੀਨੇਸ਼ਨ ਕਰਵਾਉਣ ਵਾਲਾ ਪਹਿਲਾ ਪਿੰਡ ਬਣਿਆ ਹੈ। ਜਿੱਥੇ 45 ਸਾਲ ਤੋਂ ਵਧੇਰੀ ਉਮਰ ਵਾਲੇ ਸਾਰੇ ਲੋਕਾਂ ਦੇ ਕੋਰੋਨਾ ਵੈਕਸੀਨ ਲਗਾਈ ਜਾ ਚੁੱਕੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਰਾਜਵਿੰਦਰ ਸਿੰਘ ਰਾਜਾ ਅਤੇ ਸਿਹਤ ਵਿਭਾਗ ਵੱਲੋਂ ਏ.ਐੱਨ.ਐੱਮ ਜਸਬੀਰ ਕੌਰ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਹੁਣ ਪਿੰਡਾਂ ਵਿੱਚ ਦਾਖ਼ਲ ਹੋ ਚੁੱਕੀ ਹੈ। ਲਗਾਤਾਰ ਪਿੰਡਾਂ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਹਨ। ਇਸ ਮਹਾਂਮਾਰੀ ਤੋਂ ਬਚਣ ਲਈ ਸਿਰਫ਼ ਇੱਕੋ ਇੱਕ ਇਲਾਜ ਕੋਰੋਨਾ ਵੈਕਸੀਨੇਸ਼ਨ ਹੈ।
ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਘਰ ਘਰ ਜਾ ਕੇ ਕੋਰੋਨਾ ਵੈਕਸੀਨ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਜਿਸ ਕਰਕੇ ਸਮੁੱਚੇ ਪਿੰਡ ਵਿੱਚ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਕੋਰੋਨਾ ਵੈਕਸੀਨ ਦਾ ਟੀਚਾ ਪੂਰਾ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿਚ 2954 ਆਬਾਦੀ ਹੈ। ਜਿਨ੍ਹਾਂ ਵਿਚੋਂ 45 ਸਾਲ ਤੋਂ ਵੱਧ ਵਾਲੇ 790 ਲੋਕ ਹਨ, ਜਿਨ੍ਹਾਂ ਦੇ ਇਹ ਵੈਕਸੀਨ ਲਗਾਈ ਜਾ ਚੁੱਕੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਅਠਾਰਾਂ ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਪਿੰਡ ਵਿਚ ਵੈਕਸੀਨ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜਿਵੇਂ ਹੀ ਅਠਾਰਾਂ ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਵੈਕਸੀਨ ਲੱਗਣੀ ਸ਼ੁਰੂ ਹੋਵੇਗੀ ਤਾਂ ਇਹ ਟੀਚਾ ਜਲਦ ਪੂਰਾ ਕੀਤਾ ਜਾਵੇਗਾ।
ਸਰਪੰਚ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਪੰਚਾਇਤ ਵੱਲੋਂ ਠੀਕਰੀ ਪਹਿਰੇ ਵੀ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਜਿਸ ਤਹਿਤ ਪਿੰਡ ਵਿੱਚ ਆਉਣ ਜਾਣ ਵਾਲੇ ਵਿਅਕਤੀਆਂ ਦਾ ਠੀਕਰੀ ਪਹਿਰੇ 'ਤੇ ਰਿਕਾਰਡ ਰੱਖਿਆ ਜਾ ਰਿਹਾ ਹੈ। ਪਿੰਡ ਵਿੱਚ ਇਕੱਠ ਕਰਨ 'ਤੇ ਪਾਬੰਦੀ ਹੈ ਅਤੇ ਬਾਹਰ ਘੁੰਮਣ ਵਾਲੇ ਲੋਕਾਂ ਦੇ ਮਾਸਕ ਪਾਉਣਾ ਜ਼ਰੂਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ:ਨਜਾਇਜ਼ ਸਬੰਧਾਂ ’ਚ ਰੋੜਾ ਬਣ ਰਹੇ ਪੁੱਤ ਦਾ ਮਾਂ ਨੇ ਕਰਵਾਇਆ ਕਤਲ