ਬਰਨਾਲਾ: ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਤੇ ਬਰਨਾਲਾ ਵਿਖੇ ਅਸਲਾ ਐਕਟ ਦਾ ਪਰਚਾ ਦਰਜ ਕੀਤਾ ਗਿਆ ਹੈ। ਇਹ ਪਰਚਾ ਪਿਛਲੇ ਦਿਨੀਂ ਸਿੱਧੂ ਮੂਸੇ ਵਾਲੇ ਦੀ ਵਾਇਰਲ ਹੋਈ ਵੀਡੀਓ ਦੇ ਮਾਮਲੇ ਸਬੰਧੀ ਕੀਤਾ ਗਿਆ ਹੈ।
ਵਾਇਰਲ ਵੀਡੀਓ ਵਿੱਚ ਸਿੱਧੂ ਮੂਸੇ ਵਾਲਾ ਕੁਝ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ AK 47 ਨਾਲ ਫ਼ਾਇਰਿੰਗ ਕਰਦਾ ਦਿਖਾਈ ਦਿੱਤਾ ਸੀ। ਇਹ ਮਾਮਲਾ ਬਰਨਾਲਾ ਦੇ ਪਿੰਡ ਬਡਬਰ ਵਿਖੇ ਦਾ ਸੀ ਜਿਸ ਸਬੰਧੀ ਬਰਨਾਲਾ ਦੇ ਥਾਣਾ ਧਨੌਲਾ ਵਿਖੇ ਪਰਚਾ ਦਰਜ ਕੀਤਾ ਗਿਆ ਸੀ।
ਪੁਲਿਸ ਵੱਲੋਂ ਇਸ ਮਾਮਲੇ ਵਿੱਚ ਸਿੱਧੂ ਮੂਸੇ ਵਾਲਾ ਸਮੇਤ ਪੰਜ ਪੁਲਿਸ ਅਧਿਕਾਰੀਆਂ ਦੇ ਧਾਰਾ 188 ਸਮੇਤ ਇੱਕ ਹੋਰ ਧਾਰਾ ਅਧੀਨ ਪਰਚਾ ਦਰਜ ਕੀਤਾ ਗਿਆ ਸੀ। ਇਸ ਸਬੰਧੀ ਚੰਡੀਗੜ੍ਹ ਤੋਂ ਇੱਕ ਸੋਸ਼ਲ ਐਕਟੀਵਿਸਟ ਵਕੀਲ ਵੱਲੋਂ ਹਾਈਕੋਰਟ ਵਿੱਚ ਯਾਚਿਕਾ ਦਾਇਰ ਕੀਤੀ ਗਈ ਸੀ ਜਿਸ ਤੋਂ ਬਾਅਦ ਸਿੱਧੂ ਮੂਸੇ ਵਾਲਾ ਤੇ ਅਸਲਾ ਲਗਾਇਆ ਗਿਆ ਹੈ।
ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਗਾਇਕ ਸਿੱਧੂ ਮੂਸੇ ਵਾਲੇ ਤੇ ਅਸਲਾ ਐਕਟ ਦੀਆਂ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜੋ ਕੁਝ ਵੀ ਜਾਂਚ ਵਿੱਚ ਸਾਹਮਣੇ ਆਵੇਗਾ ਉਸ ਅਧੀਨ ਕਾਰਵਾਈ ਕੀਤੀ ਜਾਵੇਗੀ।
ਐਸਐਸਪੀ ਬਰਨਾਲਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਗ੍ਰਿਫਤਾਰੀ ਲਈ ਵੀ ਪੁਲਿਸ ਕਾਰਵਾਈ ਅਮਲ ਵਿਚ ਲਿਆਵੇਗੀ।