ਬਰਨਾਲਾ: ਹਾੜੀ ਦੇ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਕਣਕ ਦੀ ਕਟਾਈ ਲਈ ਕੋਸ਼ਿਸ਼ਾਂ 'ਚ ਲੱਗਿਆ ਹੋਇਆ ਹੈ। ਪਰ ਇਸ ਵਾਰ ਕਿਸਾਨਾਂ ਨੂੰ ਲੇਬਰ ਦੀ ਘਾਟ ਸਣੇ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਸਾਨਾਂ ਦੀ ਮੁਸ਼ਕਲਾਂ ਅਤੇ ਅਪੀਲ ਸਰਕਾਰ ਦੇ ਕੰਨੀ ਪਾਉਣ ਲ਼ਈ ਈਟੀਵੀ ਭਾਰਤ ਨੇ ਕਿਸਾਨਾਂ ਨਾਲ ਖ਼ਾਸ ਗੱਲਬਾਤ ਕੀਤੀ। ਗੱਲਬਾਤ ਦੌਰਾਨ ਕਿਸਾਨਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਮਹਾਂਮਾਰੀ ਕਾਰਨ ਪਰਵਾਸੀ ਮਜ਼ਦੂਰ ਘੱਟ ਗਏ ਹਨ ਅਤੇ ਕਈ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਹਨ ਜਿਸ ਕਾਰਨ ਕਿਸਾਨਾਂ ਨੂੰ ਲੇਬਰ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਸਾਨ ਸਿਕੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੰਡੀਕਰਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਨਾ ਹੀ ਆੜ੍ਹਤੀਆਂ ਕੋਲੋਂ ਕੋਈ ਸੰਤੁਸ਼ਟੀ ਭਰਿਆ ਜਵਾਬ ਮਿਲ ਰਿਹਾ ਹੈ। ਇਸ ਦੇ ਉਲਟ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ, ਮਾਰਕੀਟ ਕਮੇਟੀ ਸਣੇ ਸਾਰੇ ਅਧਿਕਾਰੀਆਂ ਵੱਲੋਂ ਮੰਡੀਆਂ 'ਚ ਪ੍ਰਬੰਧਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਅਤੇ ਖ਼ਰੀਦ ਪ੍ਰਬੰਧਾਂ 'ਚ ਕਿਸਾਨਾਂ ਨੂੰ ਕੋਈ ਸਮੱਸਿਆ ਨਾ ਆਉਣ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ। ਉਨ੍ਹਾਂ ਕਣਕ ਦੇ ਮੰਡੀਕਰਣ ਲਈ ਕਿਸਨਾਂ ਨੂੰ ਸਾਰੀ ਜਾਣਕਾਰੀ ਦਿੱਤੇ ਜਾਣ ਦਾ ਦਾਅਵਾ ਵੀ ਕੀਤਾ ਹੈ। ਇਸ ਤਰ੍ਹਾਂ ਕਿਸਾਨਾਂ ਅਤੇ ਅਧਿਕਾਰੀਆਂ ਦੇ ਦੋ ਉਲਟ ਬਿਆਨ ਕਈ ਸੁਆਲ ਖੜ੍ਹੇ ਕਰਦੇ ਹਨ।
ਦੱਸਣਯੋਗ ਹੈ ਕਿ ਸੂਬਾ ਸਰਕਾਰ ਨੇ ਕਣਕ ਦੀ ਖ਼ਰੀਦ 15 ਅਪਰੈਲ ਤੋਂ ਸ਼ੁਰੂ ਕਰਨ ਦੀ ਗੱਲ ਆਖੀ ਹੈ ਜਿਸ ਲਈ ਮੰਡੀਆਂ 'ਚ ਪੁਖ਼ਤਾ ਪ੍ਰਬੰਧ ਅਤੇ ਆੜਤੀਆਂ ਕੋਲੋਂ ਕਿਸਾਨਾਂ ਨੂੰ ਟੋਕਣ ਜਾਰੀ ਹੋਣ ਦੀ ਵੀ ਹਦਾਇਤ ਦਿੱਤੀ ਗਈ ਸੀ। ਜਾਣਕਾਰੀ ਅਨੁਸਾਰ ਜ਼ਿਲ੍ਹਾ ਬਰਨਾਲਾ 'ਚ ਜਿੱਥੇ 95 ਦਾਣਾ ਮੰਡੀਆਂ 'ਚ ਕਣਕ ਦੀ ਖ਼ਰੀਦ ਕੀਤੀ ਜਾਵੇਗੀ ਉੱਥੇ ਹੀ ਅਧਿਕਾਰੀਆਂ ਵੱਲੋਂ ਸ਼ੈਲਰਾਂ ਨੂੰ ਆਰਜ਼ੀ ਤੌਰ 'ਤੇ ਮੰਡੀਆਂ ਬਣਾਈ ਜਾਣ ਦੀ ਗੱਲ ਆਖੀ ਗਈ ਹੈ।
ਜ਼ਿਕਰ-ਏ-ਖ਼ਾਸ ਹੈ ਕਿ ਕੋਰੋਨਾ ਨੇ ਕਿਸਾਨਾਂ ਦੇ ਸੁਪਨਿਆਂ ਨੂੰ ਤੋੜਨ 'ਚ ਕੋਈ ਕਸਰ ਨਹੀਂ ਛੱਡੀ ਹੈ। ਜਾਣਕਾਰੀ ਤੋਂ ਮਹਿਰੂਮ ਕਿਸਾਨਾਂ ਦੀਆਂ ਜੇਕਰ ਚਿੰਤਾਵਾਂ ਅਤੇ ਮੁਸ਼ਕਲਾਂ ਦਾ ਅੰਤ ਨਾ ਹੋਇਆ ਤਾਂ ਨਾ ਸਿਰਫ਼ ਹਾੜ੍ਹੀ ਦਾ ਸੀਜ਼ਨ ਬਲਕਿ ਸਾਉਣੀ ਦੀ ਬਿਜਾਈ ਵੀ ਕਈ ਕਿਸਾਨਾਂ ਸਿਰ ਕਰਜ਼ੇ ਦੀ ਪੰਡ ਹੋਰ ਦੁੱਗਣੀ ਕਰੇਗੀ।