ਬਰਨਾਲ: ਖੇਤੀ ਕਾਨੂੰਨਾਂ ਦੇ ਵਿਰੋਧ ’ਚ ਚੱਲ ਰਹੇ ਸੰਘਰਸ਼ ਤਹਿਤ ਕਿਸਾਨ ਜੱਥੇਬੰਦੀਆਂ ਵਲੋਂ ਮਾਲ ਗੱਡੀਆਂ ਦੇ ਲਾਂਘੇ ਲਈ ਰੇਲਵੇ ਲਾਈਨਾਂ ਤੋਂ ਧਰਨੇ ਚੁੱਕ ਲਏ ਗਏ। ਜਿਸ ਤੋਂ ਬਾਅਦ ਰੇਲਵੇ ਵਲੋਂ ਮਾਲ ਗੱਡੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਬਰਨਾਲਾ ਰੇਲਵੇ ਲਾਈਨਾਂ ਤੋਂ ਕਿਸਾਨਾਂ ਵਲੋਂ ਧਰਨੇ ਚੁੱਕ ਕੇ ਧਰਨਾ ਰੇਲਵੇ ਪਲੇਟਫ਼ਾਰਮ ’ਤੇ ਤਬਦੀਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਪਹਿਲੇ ਹੀ ਦਿਨ ਰੇਲਵੇ ਵਲੋਂ ਕਰੀਬ 10 ਮਾਲ ਗੱਡੀਆਂ ਲੰਘਾਈਆਂ ਗਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਰਨਾਲਾ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਪਰਦੀਪ ਕੁਮਾਰ ਨੇ ਦੱਸਿਆ ਕਿ ਕਿਸਾਨਾਂ ਵਲੋਂ ਰੇਲਵੇ ਲਾਈਨਾਂ ਤੋਂ ਧਰਨਾ ਚੁੱਕੇ ਜਾਣ ਤੋਂ ਬਾਅਦ ਮਾਲ ਗੱਡੀਆਂ ਚਾਲੂ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਰੋਜ਼ਾਨਾ ਇਸ ਲਾਈਨ ਤੋਂ 20 ਦੇ ਕਰੀਬ ਮਾਲ ਗੱਡੀਆਂ ਵੱਖ-ਵੱਖ ਸ਼ਹਿਰਾਂ ਲਈ ਗੁਜ਼ਰਦੀਆਂ ਹਨ। ਬੀਤੇ ਕੱਲ ਧਰਨਾ ਚੁੱਕੇ ਜਾਣ ਤੋਂ ਬਾਅਦ ਰਾਤ ਸਮੇਂ 10 ਦੇ ਕਰੀਬ ਗੱਡੀਆਂ ਲੰਘੀਆਂ ਹਨ। ਇਹ ਮਾਲ ਗੱਡੀਆਂ ਕੋਲਾ ਸਮੇਤ ਹੋਰ ਜ਼ਰੂਰੀ ਵਸਤਾਂ ਲਈ ਲੰਘੀਆਂ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਧਰਨੇ ਕਾਰਨ ਰੇਲਵੇ ਦਾ ਕੰਮ ਕਾਰ ਵੀ ਪ੍ਰਭਾਵਿਤ ਹੋ ਰਹੇ ਹੈ ਕਿਉਂਕਿ ਸਪੀਕਰਾਂ ਦੀ ਆਵਾਜ਼ ਕਾਰਨ ਰੌਲਾ-ਰੱਪੇ ਦੀ ਸਮੱਸਿਆ ਹੁੰਦੀ ਹੈ।
ਉਧਰ ਧਰਨਾਕਾਰੀ ਕਿਸਾਨ ਵੀ ਆਪਣੀਆਂ ਮੰਗਾਂ ਲਈ ਅੜੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਦੇ ਰੱਦ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। 5 ਨਵੰਬਰ ਨੂੰ ਕਿਸਾਨ ਜੱਥੇਬੰਦੀਆਂ ਦੀ ਮੁੜ ਮੀਟਿੰਗ ਹੋਵੇਗੀ।ਜਿਸ ਵਿੱਚ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗਾ।