ਬਰਨਾਲਾ: ਪੰਜਾਬ ਵਿੱਚ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ਼ ਬੇਰੁਜ਼ਗਾਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈਕੇ ਮੋਰਚਾ ਖੋਲ੍ਹ ਦਿੱਤਾ ਹੈ। ਬਰਨਾਲਾ ਵਿੱਚ ਸਿੱਖਿਆ ਮੰਤਰੀ ਦੀ ਰਿਹਾਇਸ਼ ਦੇ ਬਾਹਰ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਵੱਲੋਂ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ ਹੈ।
ਇਸ ਦੌਰਾਨ ਅਧਿਆਪਕਾਂ ਆਪਣੀਆਂ ਮੰਗਾਂ ਨੂੰ ਲੈਕੇ ਪੁਲਿਸ ਨਾਲ ਭਿੜਦੇ ਵਿਖਾਈ ਦਿੱਤੀ ਹਨ। ਇਸ ਹੋਈ ਧੱਕਾ-ਮੁੱਕੀ ਵਿੱਚ ਜਿੱਥੇ ਅਧਿਆਪਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ ਉੱਥੇ ਹੀ ਕਈ ਅਧਿਆਪਕਾਂ ਦੇ ਕੱਪੜੇ ਫਟੇ ਵਿਖਾਈ ਦਿੱਤੇ। ਇਸ ਧੱਕਾ ਮੁੱਕੀ ਵਿੱਚ ਦੌਰਾਨ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਕਈ ਅਧਿਆਪਕ ਸੜਕ ਉੱਪਰ ਬੇਹੋਸ਼ ਵੀ ਹੋ ਹੋਏ ਹਨ।
ਪੁਲਿਸ ਦੁਆਰਾ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਦੇ ਨਾਲ ਧੱਕਾ-ਮੁੱਕੀ ਕਰਨ ਦੇ ਬਾਅਦ ਅਧਿਆਪਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਥੇ ਹੀ ਸਿੱਖਿਆ ਮੰਤਰੀ ਦੇ ਘਰ ਦੇ ਆਸਪਾਸ ਵੱਡੀ ਗਿਣਤੀ ਵਿੱਚ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਨਾਮ ਲੈ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੁਲਸੀਆ ਤੰਤਰ ਦੇ ਜ਼ਰੀਏ ਬਸੰਤੀ ਰੰਗ ਦੀਆਂ ਪੱਗਾਂ ਤੇ ਚੁੰਨੀਆਂ ਉਤਾਰ ਕੇ ਸੁੱਟ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਪੀਟੀ ਅਧਿਆਪਕਾਂ ਦੇ ਲਈ 2000 ਪੋਸਟਾਂ ਕੱਢੀਆਂ ਗਈਆਂ ਸਨ ਪ੍ਰੰਤੂ ਹੁਣ ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹੁਣ ਤੱਕ ਇੰਨ੍ਹਾਂ ਪੋਸਟਾਂ ਸਬੰਧੀ ਪੋਰਟਲ ਨਹੀਂ ਖੋਲ੍ਹਿਆ ਗਿਆ ਜਿਸ ਸਬੰਧੀ ਉਹ ਸਿੱਖਿਆ ਮੰਤਰੀ ਦੇ ਨਾਲ ਗੱਲਬਾਤ ਕਰਨ ਲਈ ਆਏ ਸਨ ਪ੍ਰੰਤੂ ਸਿੱਖਿਆ ਮੰਤਰੀ ਵੱਲੋਂ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਥਾਂ ਉਨ੍ਹਾਂ ਨਾਲ ਧੱਕਾਮੁੱਕੀ ਕੀਤੀ ਗਈ ਹੈ।
ਇਸ ਪ੍ਰਦਰਸ਼ਨ ਦੌਰਾਨ ਗੁੱਸੇ ਵਿੱਚ ਆਏ ਅਧਿਆਪਕਾਂ ਵੱਲੋਂ ਭਗਵੰਤ ਮਾਨ ਸਰਕਾਰ ਖਿਲਾਫ਼ ਜੰਮਕੇ ਭੜਾਸ ਕੱਢੀ ਗਈ ਹੈ। ਅਧਿਆਪਕਾਂ ਨੇ ਕਿਹਾ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੀਆਂ ਸਰਕਾਰਾਂ ਤੋਂ ਵੀ ਵੱਧ ਧੱਕੇਸ਼ਾਹੀ ਉਨ੍ਹਾਂ ਨਾਲ ਕਰ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜਿੰਨ੍ਹਾਂ ਸਮਾਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਨ੍ਹਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।
ਇਹ ਵੀ ਪੜ੍ਹੋ: ਡਿਪੂ ਹੋਲਡਰ ਤੋਂ ਬਿਨਾ ਆਪ ਆਗੂ ਨੇ ਵੰਡੀ ਘੱਟ ਕਣਕ, ਲੋਕਾਂ ਨੇ ਕੀਤਾ ਹੰਗਾਮਾ