ਬਰਨਾਲਾ: ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ, ਬਰਨਾਲਾ ਵੱਲੋਂ ਪੋਲਟਰੀ ਫਾਰਮਿੰਗ ਨੂੰ ਹੁਲਾਰਾ ਦੇਣ ਲਈ ਪ੍ਰੋਗਰਾਮ ਕਰਾਇਆ ਗਿਆ।
ਇਸ ਮੌਕੇ ਐਸੋਸੀਏਟ ਡਾਇਰੈਕਟਰ ਕੇਵੀਕੇ ਹੰਡਿਆਇਆ ਡਾ. ਪ੍ਰਹਿਲਾਦ ਸਿੰਘ ਤੰਵਰ ਦੀ ਅਗਵਾਈ ਹੇਠ ਪਿੰਡ ਖੁੱਡੀ ਕਲਾਂ, ਦੀਵਾਨਾ ਤੇ ਰੂੜੇਕੇ ਖੁਰਦ ਦੇ ਅਨੁਸੂਚਿਤ ਜਾਤੀਆਂ ਸ਼੍ਰੇਣੀ ਦੇ 60 ਪਰਿਵਾਰਾਂ ਨੂੰ ਬੈਕਯਾਰਡ ਪੋਲਟਰੀ ਫਾਰਮ ਨੂੰ ਉਤਸ਼ਾਹਿਤ ਕਰਨ ਲਈ ਆਰਆਈਆਰ ਕਿਸਮ ਦੇ 1800 ਚੂਚੇ ਪੋਲਟਰੀ ਫਾਰਮ ਕਿੱਤੇ ਦੀ ਸ਼ੁਰੂਆਤ ਲਈ ਦਿੱਤੇ ਗਏ।
ਡਾ. ਤੰਵਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਨ੍ਹਾਂ ਪਰਿਵਾਰਾਂ ਦੇ ਇਕ ਇਕ ਮੈਂਬਰ ਨੂੰ ਕੇਵੀਕੇ ਵੱਲੋਂ ਸੰਯੁਕਤ ਖੇਤੀ ਪ੍ਰਣਾਲੀ ਦੀ 2 ਦਿਨਾਂ ਟੇ੍ਰਨਿੰਗ ਦਿਤੀ ਗਈ, ਜਿਸ ਵਿੱਚ ਮੁਰਗੀਆਂ ਦੀ ਸਾਂਭ-ਸੰਭਾਲ, ਉਨ੍ਹਾਂ ਦੇ ਪਾਲਣ-ਪੋਸ਼ਣ, ਬਿਮਾਰੀਆਂ ਵਿਰੁੱਧ ਪ੍ਰਬੰਧ, ਟੀਕਾਕਰਨ ਆਦਿ ਬਾਰੇ ਦੱਸਿਆ ਗਿਆ।
ਇਸ ਮੌਕੇ ਸਹਾਇਕ ਪ੍ਰੋਫੈਸਰ (ਪਸ਼ੂ ਪਾਲਣ) ਡਾ. ਪ੍ਰਤੀਕ ਜਿੰਦਲ ਨੇ ਮੁਰਗੀ ਪਾਲਣ ਕਿੱਤੇ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਡਾ. ਕਮਲਦੀਪ ਸਿੰਘ ਮਠਾੜੂ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਡਾ. ਸੁਰਿੰਦਰ ਸਿੰਘ, ਸਹਾਇਕ ਪ੍ਰੋਫੈਸਰ (ਬਾਗਬਾਨੀ) ਡਾ. ਹਰਜੋਤ ਸਿੰਘ ਸੋਹੀ ਤੇ ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਡਾ. ਅੰਜਲੀ ਸ਼ਾਮਲ ਸਨ।