ਬਰਨਾਲਾ: ਸ਼ੋਸਲ ਮੀਡੀਆ 'ਤੇ ਲੱਚਰ ਅਤੇ ਅਸ਼ਲੀਲ ਵੀਡੀਓ ਪਾਉਣ ਨੂੰ ਲੈ ਕੇ ਚਰਚਾ ਵਿੱਚ ਰਹਿਣ ਵਾਲੇ ਪ੍ਰੋਡਿਊਸਰ DXX ਦੀ ਨਿਹੰਗ ਸਿੰਘਾਂ ਵੱਲੋਂ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰ ਦਿੱਤੀ ਗਈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।
ਇਹ ਵੀਡੀਓ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੋਟਦੁੰਨਾ ਦੀ ਸੱਥ ਦੀ ਹੈ ਅਤੇ ਵਿਵਾਦਤ ਵਿਅਕਤੀ ਪ੍ਰੋਡਿਊਸਰ ਦੀ DXX ਵੀ ਇਸੇ ਪਿੰਡ ਨਾਲ ਸਬੰਧਤ ਹੈ। ਜਦਕਿ ਕੁੱਟਮਾਰ ਕਰਨ ਵਾਲੇ ਨਿਹੰਗ ਸਿੰਘ ਬਰਨਾਲਾ ਤੋਂ ਬਾਹਰੀ ਜ਼ਿਲ੍ਹੇ ਦੇ ਹਨ। ਵੀਡੀਓ ਵਿੱਚ ਨਿਹੰਗ ਪ੍ਰੋਡਿਊਸਰ ਦੀ ਕੁੱਟਮਾਰ ਕਰ ਰਹੇ ਹਨ। ਜਦਕਿ ਪਿੰਡ ਦੇ ਲੋਕ ਉਸਨੂੰ ਛੁਡਾ ਵੀ ਨਹੀਂ ਰਹੇ ਅਤੇ ਤਮਾਸ਼ਾ ਦੇਖ ਰਹੇ ਸੀ।
ਇਸ ਕੁੱਟਮਾਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਨਿਹੰਗ ਸਿੰਘਾਂ ਦੀ ਤਾਰੀਫ਼ ਕੀਤੀ ਜਾ ਰਹੀ ਹੈ, ਕਿਉਂਕਿ ਉਹਨਾਂ ਨੇ ਲੱਚਰ ਵੀਡੀਓਜ਼ ਪਾਉਣ ਵਾਲੇ ਵਿਅਕਤੀ ਨੂੰ ਕੁੱਟਿਆ ਹੈ। ਪ੍ਰੋਡਿਊਸਰ ਦੀ ਕੁੱਟਮਾਰ ਕਰਨ ਵਾਲੇ ਨਿਹੰਗ ਵੱਲੋਂ ਇੱਕ ਹੋਰ ਵੀਡੀਓ ਵਿੱਚ ਕੁੱਟਣ ਦੀ ਸ਼ਰੇਆਮ ਜ਼ਿੰਮੇਵਾਰੀ ਲਈ ਗਈ ਹੈ। ਨਿਹੰਗ ਵੱਲੋਂ ਕਿਹਾ ਗਿਆ ਕਿ ਪ੍ਰੋਡਿਊਸਰ ਪੰਜਾਬ ਦੇ ਨੌਜਵਾਨਾਂ ਨੂੰ ਲੱਚਰਤਾ ਅਤੇ ਅਸ਼ਲੀਲਤਾ ਵੱਲ ਲਿਜਾ ਰਿਹਾ ਹੈ। ਜਿਸ ਕਰਕੇ ਉਹਨਾਂ ਨੇ ਉਸਦੀ ਕੁੱਟਮਾਰ ਕੀਤੀ ਹੈ। ਜੇਕਰ ਧਨੌਲਾ ਥਾਣੇ ਦੀ ਪੁਲਿਸ ਨੇ ਉਹਨਾਂ 'ਤੇ ਕਾਰਵਾਈ ਕਰਨੀ ਹੈ ਤਾਂ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਪ੍ਰੋਡਿਊਸਰ DXX ਵੱਲੋਂ ਫੇਸਬੁੱਕ, ਯੂਟਿਊਬ 'ਤੇ ਗੰਦੀਆਂ ਗਾਲ੍ਹਾਂ ਵਾਲੀਆਂ ਲੱਚਰ ਵੀਡੀਓਜ਼ ਬਣਾ ਕੇ ਪਾਈਆਂ ਜਾਂਦੀਆਂ ਹਨ। ਜਿਸ ਕਰਕੇ ਹਮੇਸ਼ਾ ਚਰਚਾ ਵਿੱਚ ਰਹਿੰਦੇ ਹਨ। ਕੁੱਝ ਮਹੀਨੇ ਪਹਿਲਾਂ ਪ੍ਰੋਡਿਊਸਰ ਅਤੇ ਉਸਦੇ ਸਾਥੀਆਂ ਵਲੋਂ ਆਪਣੀ ਇੱਕ ਵੀਡੀਓ ਵਿੱਚ ਭਾਈ ਘਨੱਈਆ ਜੀ ਬਾਰੇ ਭੱਦੀ ਸ਼ਬਦਾਵਲੀ ਵਰਤੀ ਗਈ ਸੀ। ਜਿਸ ਤੋਂ ਬਾਅਦ ਉਹਨਾਂ ਉਪਰ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਵੀ ਪਰਚਾ ਹੋ ਚੁੱਕਿਆ ਹੈ।
ਇਹ ਵੀ ਪੜ੍ਹੋ:- ਬੱਸਾਂ ’ਚ ਸਫ਼ਰ ਕਰਨ ਵਾਲੇ ਹੋ ਜਾਓ ਸਾਵਧਾਨ, ਪੰਜਾਬ ’ਚ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ !