ਬਰਨਾਲਾ: ਜ਼ਿਲ੍ਹਾ ਪੁਲਿਸ ’ਚ ਐਸਪੀਡੀ ਵਜੋਂ ਸੇਵਾਵਾਂ ਨਿਭਾ ਰਹੇ ਸੁਖਦੇਵ ਸਿੰਘ ਵਿਰਕ ਦਾ ਰਾਸ਼ਟਰਪਤੀ ਐਵਾਰਡ ਨਾਲ ਸਨਮਾਨ ਹੋਵੇਗਾ। ਸ਼ਨੀਵਾਰ ਨੂੰ ਇਸ ਬਾਰੇ ਐਲਾਨ ਕੀਤਾ ਗਿਆ। ਸੁਖਦੇਵ ਸਿੰਘ ਵਿਰਕ ਪਿਛਲੇ ਕਰੀਬ ਦੋ ਸਾਲਾਂ ਤੋਂ ਬਰਨਾਲਾ ਵਿਖੇ ਐਸਪੀਡੀ ਵਜੋਂ ਸੇਵਾਵਾਂ ਨਿਭਾ ਰਹੇ ਹਨ। ਐਸਪੀ ਵਿਰਕ ਦੀ ਅਗਵਾਈ ਵਿੱਚ ਬਰਨਾਲਾ ਪੁਲਿਸ ਵਲੋਂ ਨਸ਼ੇ ਖਿਲਾਫ਼ ਵੱਡੇ ਪੱਧਰ ’ਤੇ ਮੁਹਿੰਮ ਛੇੜੀ ਗਈ ਜਿਸ ਤਹਿਤ ਚਿੱਟੇ ਅਤੇ ਨਸ਼ੀਲੀਆਂ ਗੋਲੀਆਂ ਸਣੇ ਦਿੱਲੀ ਤੱਕ ਜੁੜੇ ਕਈ ਨਸ਼ਾ ਤਸਕਰਾਂ ਦੇ ਗਿਰੋਹ ਕਾਬੂ ਕੀਤੇ ਗਏ।
ਬਰਨਾਲਾ ਸਮੇਤ ਮਾਲਵਾ ਇਲਾਕੇ ਦੇ ਜ਼ਿਲਿਆਂ ਵਿਚਲੀ ਨਸ਼ੇ ਦੀ ਚੈਨ ਤੋੜੀ ਗਈ। ਉਹਨਾਂ ਦੀ ਇਸ ਪ੍ਰਾਪਤੀ ਨੂੰ ਦੇਖ਼ਦੇ ਹੋਏ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕੀਤੇ ਜਾਣ ਦਾ ਐਲਾਨ ਹੋਇਆ ਹੈ।
ਐਸਪੀ ਸੁਖਦੇਵ ਸਿੰਘ ਵਿਰਕ ਦੇ ਇਸ ਸਨਮਾਨ ’ਤੇ ਖੁਸ਼ੀ ਜ਼ਾਹਰ ਕਰਦਿਆਂ ਬਰਨਾਲਾ ਦੇ ਐਸਐਸਪੀ ਹਰਜੀਤ ਸਿੰਘ ਨੇ ਕਿਹਾ ਕਿ ਇਹ ਪੂਰੀ ਬਰਨਾਲਾ ਪੁਲਿਸ ਲਈ ਮਾਣ ਵਾਲੀ ਗੱਲ ਹੈ। ਉਹਨਾਂ ਇਸ ਪ੍ਰਾਪਤੀ ਲਈ ਐਸਪੀ ਸੁਖਦੇਵ ਸਿੰਘ ਵਿਰਕ ਨੂੰ ਵਧਾਈ ਦਿੱਤੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬਰਨਾਲਾ ਪੁਲਿਸ ਦੇ ਸੀਆਈਏ ਸਟਾਫ਼ ਦੇ ਇੰਚਾਰਜ ਬਲਜੀਤ ਸਿੰਘ ਨੂੰ 2015 ਵਿੱਚ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਇਹ ਦੂਜੀ ਵਾਰ ਬਰਨਾਲਾ ਪੁਲਿਸ ਦੇ ਕਿਸੇ ਅਧਿਕਾਰੀ ਦਾ ਇਸ ਐਵਾਰਡ ਨਾਲ ਸਨਮਾਨ ਹੋਵੇਗਾ।