ਬਰਨਾਲਾ: ਖੇਤੀਬਾੜੀ ਸੈਕਟਰ ਅਤੇ ਕਿਸਾਨਾਂ ਨੂੰ ਬਿਜਲੀ ਸਬਸਿਡੀ ਲਈ 9,331 ਕਰੋੜ ਰੁਪਏ ਦਾ ਖ਼ਰਚਾ ਅਲਾਟ ਕੀਤਾ ਗਿਆ ਹੈ। ਪੰਜਾਬ ਦੀ ਖੇਤੀ ਵਿੱਚ ਬਿਜਲੀ ਦੀ ਖਪਤ 1980-81 ਵਿੱਚ 1850 ਮਿਲੀਅਨ KWH ਤੋਂ ਵਧ ਕੇ 2010-11 ਵਿੱਚ 10150 ਮਿਲੀਅਨ KWH ਹੋ ਗਈ। ਇਸ ਤਰ੍ਹਾਂ, ਤਿੰਨ ਦਹਾਕਿਆਂ ਵਿੱਚ, ਖੇਤੀਬਾੜੀ ਵਿੱਚ ਬਿਜਲੀ ਦੀ ਖਪਤ 5 ਗੁਣਾਂ ਤੋਂ ਵੱਧ ਵਧੀ ਹੈ, ਜੋ ਕਿ 5.84 ਫ਼ੀਸਦੀ ਸਾਲਾਨਾ ਵਿਕਾਸ ਦਰ ਦੇ ਬਰਾਬਰ ਹੈ।
ਮੌਜੂਦਾ ਸਮੇਂ ਵਿੱਚ ਪੰਜਾਬ ਵਿੱਚ ਭਾਵੇਂ ਕਣਕ ਦੀ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ, ਪਰ ਇਸ ਦੇ ਬਾਵਜੂਦ ਕਿਸਾਨਾਂ ਵੱਲੋਂ ਖੇਤੀ ਸੈਕਟਰ ਲਈ ਵੱਡੇ ਪੱਧਰ 'ਤੇ ਬਿਜਲੀ ਦੀ ਮੰਗ ਕੀਤੀ ਜਾ ਰਹੀ ਹੈ। ਖੇਤੀ ਸੈਕਟਰ ਲਈ ਬਿਜਲੀ ਦੇ ਵਾਰ ਵਾਰ ਕੱਟ ਲੱਗਣ 'ਤੇ ਕਿਸਾਨ ਪ੍ਰੇਸ਼ਾਨ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਬਿਜਲੀ ਨਾ ਆਉਣ ਕਾਰਨ ਖੇਤਾਂ ਵਿੱਚ ਮੱਕੀ ਤੇ ਮੂੰਗੀ ਦੀ ਫਸਲ ਦਾ ਨੁਕਸਾਨ ਹੋ ਰਿਹਾ ਹੈ।
8 ਘੰਟੇ ਖੇਤੀ ਸੈਕਟਰ ਲਈ ਬਿਜਲੀ ਦੀ ਲੋੜ : ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਸੰਦੀਪ ਸਿੰਘ ਨੇ ਦੱਸਿਆ ਕਿ ਕਣਕ ਦੀ ਵਾਢੀ ਦਾ ਸ਼ੀਜ਼ਨ ਜੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ।,ਪਰ ਬਹੁ-ਗਿਣਤੀ ਕਿਸਾਨਾਂ ਵੱਲੋਂ ਖੇਤੀ ਦੇ ਬਦਲ ਵਜੋਂ ਮੱਕੀ ਅਤੇ ਮੁੰਗੀ ਦੀ ਕਾਸ਼ਤ ਕੀਤੀ ਜਾ ਰਹੀ ਹੈ। ਜਿਸ ਕਰਕੇ ਖਾਲੀ ਪਏ ਖੇਤਾਂ ਵਿੱਚ ਮੱਕੀ ਅਤੇ ਮੂੰਗੀ ਦੀ ਫਸਲ ਬੀਜੀ ਗਈ। ਇਸ ਲਈ ਕਿਸਾਨਾਂ ਨੂੰ ਘੱਟੋ-ਘੱਟ 8 ਘੰਟੇ ਖੇਤੀ ਸੈਕਟਰ ਲਈ ਬਿਜਲੀ ਦੀ ਲੋੜ ਹੈ, ਤਾਂ ਕਿ ਇਨ੍ਹਾਂ ਦੋਵਾਂ ਫ਼ਸਲਾਂ ਨੂੰ ਸਮੇਂ ਸਿਰ ਪਾਣੀ ਦਿੱਤਾ ਜਾ ਸਕੇ। ਖੇਤੀ ਸੈਕਟਰ ਲਈ ਇਸ ਵੇਲੇ ਸਿਰਫ ਦੋ ਤੋਂ ਢਾਈ ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਜਿਸ ਨਾਲ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ।
ਨਹਿਰੀ ਪਾਣੀ ਵੀ ਨਹੀਂ ਮਿਲ ਰਿਹਾ: ਕਿਸਾਨ ਮਿੱਠੂ ਸਿੰਘ ਨੇ ਕਿਹਾ ਕਿ ਮੱਕੀ ਅਤੇ ਮੂੰਗੀ ਦੇ ਭਾਅ ਦੇ ਬੀਜ ਉਨ੍ਹਾਂ ਵਲੋਂ ਬੀਜੇ ਗਏ ਹਨ। ਫਸਲ ਨੂੰ ਸਮੇਂ ਸਿਰ ਪਾਣੀ ਨਾ ਮਿਲਣ ਕਾਰਨ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਨਾ ਆਉਣ ਕਾਰਨ ਪਾਣੀ ਤੋਂ ਵਾਂਝੇ ਖੇਤ ਸੁੱਕੇ ਪਏ ਹਨ। ਜਿਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਖੇਤਾਂ ਲਈ 8 ਘੰਟੇ ਬਿਜਲੀ ਦਿੱਤੀ ਜਾਵੇ। ਉਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰੀ ਪਾਣੀ ਵੀ ਉਨ੍ਹਾਂ ਨੂੰ ਨਹੀਂ ਮਿਲ ਰਿਹਾ। ਰਜਵਾਹੇ ਅਤੇ ਕੱਸੀਆਂ ਸੁੱਕੀਆਂ ਪਈਆਂ ਹਨ।
ਖੇਤੀ ਮਾਹਿਰ ਨੇ ਕਿਹਾ- ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ : ਖੇਤੀ ਮਾਹਿਰ ਪਰਮਿੰਦਰ ਸਿੰਘ ਭੰਗੂ ਦਾ ਕਹਿਣਾ ਹੈ ਕਿ ਇਸ ਵਾਰ ਮੀਂਹ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀ ਕਣਕ ਦੀ ਫਸਲ ਦਾ ਵੱਡਾ ਨੁਕਸਾਨ ਹੋਇਆ ਹੈ। ਉਥੇ ਝੋਨੇ ਬਿਜਾਈ ਲਈ ਅਜੇ ਘੱਟੋ ਘੱਟ ਦੋ ਤੋਂ ਢਾਈ ਮਹੀਨੇ ਲੱਗਣੇ ਹਨ। ਜਿਸ ਕਰਕੇ ਏਨਾ ਸਮਾਂ ਖੇਤਰ ਖਾਲੀ ਰਹਿਣੇ ਹਨ। ਪਰ, ਕਣਕ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਕਿਸਾਨ ਮੱਕੀ, ਮੂੰਗੀ ਅਤੇ ਸਬਜ਼ੀਆਂ ਲਗਾ ਕੇ ਕਮਾਈ ਕਰ ਸਕਦੇ ਹਨ। ਬਹੁ ਗਿਣਤੀ ਕਿਸਾਨਾਂ ਨੇ ਇਸ ਲਈ ਕੰਮ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ। ਪਰ ਸਮੱਸਿਆ ਖੇਤੀ ਸੈਕਟਰ ਲਈ ਬਿਜਲੀ ਨਾ ਮਿਲਣਾ ਹੈ। ਸਿਰਫ ਦੋ ਘੰਟੇ ਬਿਜਲੀ ਨਾਲ ਫਸਲਾਂ ਨਹੀਂ ਬਚ ਸਕਦੀਆਂ। ਇਸ ਲਈ ਘੱਟੋ ਘੱਟ ਅੱਠ ਘੰਟੇ ਬਿਜਲੀ ਦੀ ਲੋੜ ਹੈ। ਜਿਸ ਕਰਕੇ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ।