ਬਰਨਾਲਾ : ਕੋਰੋਨਾ ਵਾਇਰਸ ਤੋਂ ਬਚਾਅ ਲਈ ਲਾਏ ਗਏ ਕਰਫਿਊ ਕਾਰਨ ਹਰ ਤਰ੍ਹਾਂ ਦੇ ਕਾਰੋਬਾਰ ਠੱਰ ਪੈ ਗਏ ਹਨ। ਇਸ ਦਾ ਸਭ ਤੋਂ ਵੱਡਾ ਅਸਰ ਪੋਲਟਰੀ ਫਾਰਮਾਂ ਉੱਤੇ ਪਿਆ ਹੈ। ਪੋਲਟਰੀ ਫਾਰਮ ਮਾਲਕਾਂ ਇਨ੍ਹਾਂ ਹਲਾਤਾਂ ਦੇ ਚਲਦੇ ਮੀਟ ਲਈ ਵਿਕਣ ਵਾਲੇ ਮੁਰਗੇ ਮੁਫ਼ਤ ਵੰਡਣ ਨੂੰ ਮਜਬੂਰ ਹਨ।
ਇਸ ਬਾਰੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਬਰਨਾਲਾ ਦੇ ਪਿੰਡ ਬਰੈਲਰ ਦੇ ਪੋਲਟਰੀ ਫਾਰਮ ਮਾਲਕਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਸਬੰਧੀ ਖ਼ਬਰ ਫੈਲਦੇ ਹੀ ਚਿਕਨ ਤੇ ਮੀਟ ਦੀ ਵਿਕਰੀ ਬੰਦ ਹੋ ਗਈ। ਜਿਸ ਕਾਰਨ ਪਿੰਡ ਦੇ 6 ਪੋਲਟਰੀ ਫਾਰਮਰਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਪੈ ਗਿਆ। ਉਨ੍ਹਾਂ ਦੱਸਿਆ ਕਿ ਕਰਫਿਊ ਦੇ ਸ਼ੁਰੂਆਤੀ ਦਿਨਾਂ 'ਚ ਫੀਡ ਨਾ ਮਿਲਣ ਕਾਰਨ ਕਈ ਮੁਰਗੇ ਮਰ ਗਏ, ਜਿਸ ਕਾਰਨ ਉਨ੍ਹਾਂ ਨੂੰ 50 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਬਜ਼ਾਰ 'ਚ ਚਿਕਨ ਦੀ ਵਿਕਰੀ ਪੂਰੀ ਤਰ੍ਹਾਂ ਬੰਦ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਦੇ ਚਲਦੇ ਵਿਆਹ ਸਮਾਗਮ, ਵੱਡੇ ਰੈਸਟੋਰੈਂਡ, ਹੋਟਲ ਤੇ ਹੋਰਨਾਂ ਕਈ ਸਮਾਗਮ ਰੱਦ ਹੋ ਚੁੱਕੇ ਹਨ। ਕਰਫਿਊ ਦੇ ਦੌਰਾਨ ਹੁਣ ਸਰਕਾਰ ਵੱਲੋਂ ਜਾਨਵਰਾਂ ਲਈ ਫੀਡ ਦੀ ਖੁੱਲ੍ਹ ਦਿੱਤੇ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਚਿਕਨ ਵਾਲੇ ਮੁਰਗੇ ਵੇਚਣ 'ਚ ਕਈ ਮੁਸ਼ਕਲਾਂ ਆ ਰਹੀਆਂ ਹਨ।
ਦੂਜੇ ਪਾਸੇ ਫੀਡ ਦੀ ਘਾਟ ਨਾਲ ਮੁਰਗੇ ਮਰਨੇ ਸ਼ੁਰੂ ਹੋ ਗਏ ਹਨ, ਜਿਸ ਕਰਕੇ ਸਾਰੇ ਫ਼ਾਰਮਰਾਂ ਵਲੋਂ ਇਨ੍ਹਾਂ ਦੇ ਮਰਨ ਨਾਲ ਮਹਾਂਮਾਰੀ ਦੇ ਫ਼ੈਲਣ ਦੇ ਡਰ ਕਾਰਨ ਲੋਕਾਂ ਨੂੰ ਮੁਫ਼ਤ ਵਿੱਚ ਮੁਰਗੇ ਵੰਡੇ ਗਏ। ਉਨ੍ਹਾਂ ਦੱਸਿਆ ਵਿਸ਼ਵ ਸਿਹਤ ਸੰਗਠਨ ਵੱਲੋਂ ਵੀ ਇਹ ਦੱਸਿਆ ਗਿਆ ਹੈ ਕਿ ਆਂਡੇ, ਚਿਕਨ ਆਦਿ ਨਾਲ ਕੋਰੋਨਾ ਵਾਇਰਸ ਨਹੀਂ ਹੁੰਦਾ, ਪਰ ਅਫਵਾਹਾਂ ਕਾਰਨ ਲੋਕ ਇਸ ਨੂੰ ਖ਼ਰੀਦਣ ਤੋਂ ਗੁਰੇਜ਼ ਕਰ ਰਹੇ ਹਨ। ਜਿਸਦਾ ਨੁਕਸਾਨ ਫ਼ਾਰਮਰਾਂ ਨੂੰ ਝੱਲਣਾ ਪੈ ਰਿਹਾ ਹੈ। ਪੋਲਟਰੀ ਫਾਰਮ ਦੇ ਮਾਲਕਾਂ ਵੱਲੋਂ ਸੂਬਾ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ ਤਾਂ ਜੋ ਉਹ ਮੁੜ ਤੋਂ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ।
ਹੋਰ ਪੜ੍ਹੋ :ਗੜੇਮਾਰੀ ਕਾਰਨ ਖ਼ਰਾਬ ਹੋਈ ਕਣਕ ਦੀ ਫ਼ਸਲ, ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ
ਜਿਥੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਪੋਲਟਰੀ ਫ਼ਾਰਮਰਾਂ ਨੂੰ ਫ਼ੀਡ ਸਣੇ ਹਰ ਤਰ੍ਹਾਂ ਦੀ ਮਦਦ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਥੇ ਹੀ ਪੋਲਟਰੀ ਫ਼ਾਰਮਰ ਨਿਰਾਸ਼ ਹੋ ਕੇ ਲਗਾਤਾਰ ਘਾਟਾ ਪੈਣ ਦਾ ਦਾਅਵਾ ਕਰ ਰਹੇ ਹਨ ਤੇ ਸਰਕਾਰ ਤੋਂ ਮੱਦਦ ਦੀ ਅਪੀਲ ਕਰ ਰਹੇ ਹਨ।