ਬਰਨਾਲਾ: ਪਿਛਲੇ ਸਮੇਂ ਸਰਕਾਰ ਵੱਲੋਂ ਪੋਸਤ ਅਫੀਮ ਅਤੇ ਵੱਖ-ਵੱਖ ਨਸ਼ੇ (Drugs) ਕਰਨ ਵਾਲੇ ਲੋਕਾਂ ਦੀ ਇੱਕ ਲਿਸਟ ਬਣਾ ਕੇ ਉਨ੍ਹਾਂ ਦਾ ਨਸ਼ਾ ਛਡਾਓ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਜਿਸ ਦੇ ਲਈ ਸਰਕਾਰ ਵੱਲੋਂ ਮਰੀਜਾਂ ਨੂੰ ਦਵਾਈ ਦਿੱਤੀ ਜਾਂਦੀ ਸੀ, ਪਰ ਹੁਣ ਪਿਛਲੇ ਲੰਬੇ ਸਮੇਂ ਤੋਂ ਮਰੀਜਾ ਨੂੰ ਦਵਾਈ ਨਾ ਮਿਲਣ ਕਾਰਨ ਮਰੀਜ ਖੱਜਲ-ਖੁਆਰ ਹੋ ਰਹੇ ਹਨ। ਜਿਸ ਦੀਆਂ ਤਾਜ਼ਾ ਤਸਵੀਰਾਂ ਬਰਨਾਲਾ ਤੋਂ ਸਾਹਮਣੇ ਆਈਆਂ ਹਨ। ਜਿੱਥੇ ਦਵਾਈ ਨਾ ਮਿਲਣ ‘ਤੇ ਲੋਕਾਂ ਨੇ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ।
ਭਦੌੜ ਦੇ ਹਸਪਤਾਲ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਇਹ ਜੀਭ ਵਾਲੀਆਂ ਗੋਲੀਆਂ ਖਾਣ ਵਾਲੇ ਲੋਕ ਹੈਰਾਨ ਹੋ ਰਹੇ ਸਨ। ਜਿਸ ਨੂੰ ਲੈ ਕੇ ਉਨ੍ਹਾਂ ਨੇ ਭਦੌੜ ਦੇ ਤਿੰਨਕੋਣੀ ਚੌਂਕ ਵਿੱਚ ਧਰਨਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੌਜੂਦ ਗੋਲੀਆਂ ਖਾਣ ਵਾਲੇ ਲੋਕਾਂ ਨੇ ਦੱਸਿਆ ਕਿ ਭਦੌੜ ਵਿਖੇ ਜਿੰਨੇ ਵੀ ਲੋਕ ਗੋਲੀਆਂ ਖਾਂਦੇ ਹਨ, ਉਹ ਸਾਰੇ ਹੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਨੂੰ ਪਾਲ ਰਹੇ ਹਨ, ਪਰ ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਉਨ੍ਹਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਹਸਪਤਾਲ ਵਾਲਿਆਂ ਵੱਲੋਂ ਸਿਰਫ਼ ਉਨ੍ਹਾਂ ਨੂੰ ਇੱਕ ਦਿਨ ਦੀ ਹੀ ਗੋਲੀ ਦਿੱਤੀ ਜਾ ਰਹੀ ਹੈ ਜਦੋਂ ਕਿ ਉਹ ਸਵੇਰੇ 6 ਵਜੇ ਤੋਂ ਆ ਕੇ ਗੋਲੀ ਲੈਣ ਲਈ ਲਾਈਨ ਵਿੱਚ ਆ ਕੇ ਲੱਗ ਜਾਂਦੇ ਹਨ ਅਤੇ ਉਨ੍ਹਾਂ ਨੂੰ ਅੱਧੀ ਦਿਹਾੜੀ ਲੰਘਾਉਣ ਤੋਂ ਬਾਅਦ ਹੀ ਸਿਰਫ ਇੱਕ ਗੋਲੀ ਹੀ ਦਿੱਤੀ ਜਾਂਦੀ ਹੈ। ਜਿਸ ਕਾਰਨ ਉਹ ਦਿਹਾੜੀ ਵੀ ਨਹੀਂ ਕਰ ਪਾ ਰਹੇ ਅਤੇ ਉਨ੍ਹਾਂ ਨੂੰ ਆਰਥਕ ਤੌਰ ‘ਤੇ ਕਮਜ਼ੋਰ ਕੀਤਾ ਜਾ ਰਿਹਾ ਹੈ। ਇਸ ਮੌਕੇ ਇਨ੍ਹਾਂ ਲੋਕਾਂ ਨੇ ਮੰਗ ਕੀਤੀ ਹੈ ਕਿ ਸਾਨੂੰ ਦਿੱਤੀ ਜਾਣ ਵਾਲੀ ਦਵਾਈ ਜਲਦ ਤੋਂ ਜਲਦ ਮੁਹਿੰਈਆ ਕਰਵਾਈ ਜਾਵੇ ਤਾਂ ਜੋ ਅਸੀਂ ਆਪਣੇ ਕੰਮ ‘ਤੇ ਜਾ ਸਕੀਏ।
ਇਹ ਵੀ ਪੜ੍ਹੋ:ਨਿਸ਼ਾਨੇ 'ਤੇ AAP: ਕੇਜਰੀਵਾਲ ਦਾ ਬਿਆਨ-"1 ਅਪ੍ਰੈਲ ਤੋਂ ਕੋਈ ਖੁਦਕੁਸ਼ੀ ਨਹੀਂ", ਵਿਰੋਧੀਆਂ ਨੇ ਕਿਹਾ-"ਅਪ੍ਰੈਲ ਫੂਲ ਬਣਾਇਆ"