ਬਰਨਾਲਾ: ਕੋਰੋਨਾ ਵਾਇਰਸ ਕਾਰਨ ਲਗਾਏ ਗਏ ਕਰਫਿਊ ਕਰਕੇ ਜਿੱਥੇ ਹਰ ਤਰ੍ਹਾਂ ਦੇ ਕਾਰੋਬਾਰ ਪ੍ਰਭਾਵਿਤ ਹੋਏ ਹਨ, ਉੱਥੇ ਇਸ ਦਾ ਸਭ ਤੋਂ ਜ਼ਿਆਦਾ ਅਸਰ ਪੰਜਾਬ ਦੇ ਨਸ਼ੇੜੀਆਂ ਉੱਪਰ ਵੀ ਦਿਖਣਾ ਸ਼ੁਰੂ ਹੋ ਗਿਆ ਹੈ। ਰਵਾਇਤੀ ਨਸ਼ੇ ਭੁੱਕੀ, ਅਫੀਮ ਰਾਜਾਂ ਦੇ ਬਾਰਡਰ ਸੀਲ ਹੋਣ ਕਾਰਨ ਨਹੀਂ ਮਿਲ ਰਹੇ ਅਤੇ ਪੰਜਾਬ ਸਰਕਾਰ ਵੱਲੋਂ ਸ਼ਰਾਬ ਦੇ ਠੇਕੇ ਵੀ ਬੰਦ ਕੀਤੇ ਹੋਏ ਹਨ। ਜਿਸ ਕਰਕੇ ਨਸ਼ੇ ਦੇ ਆਦੀ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ।
ਸਰਕਾਰੀ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਰੋਜ਼ਾਨਾ ਦਵਾਈ ਲੈਣ ਆਉਣ ਵਾਲੇ ਨਸ਼ੇੜੀ ਮਰੀਜ਼ਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ। ਕਣਕ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋਣ ਕਾਰਨ ਵੀ ਨਸ਼ੇੜੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬਰਨਾਲਾ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਦਵਾਈ ਲੈਣ ਪੁੱਜੇ ਨਸ਼ੇ ਤੋਂ ਪੀੜਤ ਲੋਕਾਂ ਨੇ ਦੱਸਿਆ ਕਿ ਉਹ ਸਵੇਰੇ 6 ਵਜੇ ਤੋਂ ਸਰਕਾਰੀ ਹਸਪਤਾਲ ਵਿੱਚ ਦਵਾਈ ਲੈਣ ਪਹੁੰਚੇ ਹਨ। ਪਰ ਕੇਂਦਰ ਵਿੱਚ ਮੌਜੂਦ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਬੇਵਜਹਾ ਖੱਜਲ ਖੁਆਰ ਕੀਤਾ ਜਾ ਰਿਹਾ ਹੈ।
![ਨਸ਼ਾ ਛੁਡਾਊ ਕੇਂਦਰ 'ਚ ਖੱਜਲ ਖੁਆਰ ਹੋ ਰਹੇ ਮਰੀਜ਼](https://etvbharatimages.akamaized.net/etvbharat/prod-images/pb-bnl-covid19durgaddictedproblem-7208563_15042020152845_1504f_01626_694.jpg)
ਉਨ੍ਹਾਂ ਕਿਹਾ ਕਿ ਨਸ਼ਾ ਨਾ ਮਿਲਣ ਕਾਰਨ ਉਹ ਪਹਿਲਾਂ ਹੀ ਬਹੁਤ ਪ੍ਰੇਸ਼ਾਨ ਹਨ ਅਤੇ ਹੁਣ ਡਾਕਟਰ ਉਨ੍ਹਾਂ ਨੂੰ ਹੋਰ ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਵੇਂ ਅਤੇ ਪੁਰਾਣੇ ਹਸਪਤਾਲ ਵਿੱਚ ਗੇੜੇ ਮਰਵਾ ਕੇ ਉਨ੍ਹਾਂ ਦਾ ਸਮਾਂ ਖ਼ਰਾਬ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਬੜੀ ਮੁਸ਼ਕਲ ਨਾਲ ਪੁਲਿਸ ਦੇ ਨਾਕਿਆਂ ਤੋਂ ਜਾਨ ਬਚਾਉਂਦੇ ਹਸਪਤਾਲ ਪਹੁੰਚਦੇ ਹਨ, ਪਰ ਇੱਥੇ ਆ ਕੇ ਉਨ੍ਹਾਂ ਨੂੰ ਹੋਰ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਦਵਾਈ ਦਿੱਤੀ ਜਾਵੇ ਤਾਂ ਕਿ ਉਹ ਆਪਣੀ ਤੋੜ ਦਾ ਹੱਲ ਕਰ ਸਕਣ।
ਉਨ੍ਹਾਂ ਦੱਸਿਆ ਕਿ ਵਾਢੀ ਦਾ ਸੀਜ਼ਨ ਹੋਣ ਕਰਕੇ ਉਨ੍ਹਾਂ ਨੂੰ ਘੱਟੋ ਘੱਟ ਇੱਕ ਮਹੀਨੇ ਦੀ ਦਵਾਈ ਦਿੱਤੀ ਜਾਣੀ ਚਾਹੀਦੀ ਹੈ। ਇਸ ਨਾਲ ਉਨ੍ਹਾਂ ਦਾ ਹੱਲ ਹੋ ਸਕੇਗਾ। ਇਸ ਸਬੰਧੀ ਬਰਨਾਲਾ ਦੇ ਐਸਐਮਓ ਡਾਕਟਰ ਤਪਿੰਦਰਜੋਤ ਜੋਤੀ ਕੌਸ਼ਲ ਨੇ ਕਿਹਾ ਕਿ ਕੋਰੋਨਾ ਕਰਫ਼ਿਊ ਕਰਕੇ ਰੋਜ਼ਾਨਾ ਦਵਾਈ ਲੈਣ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਜਿਸ ਕਰਕੇ ਦਿੱਕਤ ਆ ਰਹੀ ਹੈ।
ਉਨ੍ਹਾਂ ਦੱਸਿਆ ਕਿ ਰੋਜ਼ਾਨਾ 150 ਤੋਂ ਲੈ ਕੇ 200 ਤੱਕ ਨਵੇਂ ਮਰੀਜ਼ ਸਰਕਾਰੀ ਹਸਪਤਾਲ ਵਿੱਚ ਦਵਾਈ ਲੈਣ ਲਈ ਪਹੁੰਚ ਰਹੇ ਹਨ। ਨਸ਼ਾ ਛੁਡਾਊ ਕੇਂਦਰ ਵਿੱਚ ਮਰੀਜ਼ਾਂ ਦੀ ਗਿਣਤੀ ਘਟਾਉਣ ਲਈ ਸਰਕਾਰ ਵੱਲੋਂ 21 ਦਿਨਾਂ ਦੀ ਦਵਾਈ ਦੇਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਉਹ ਕੋਸ਼ਿਸ਼ਾਂ ਕਰ ਰਹੇ ਹਨ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਨੂੰ ਕੋਈ ਸਮੱਸਿਆ ਨਾ ਆਵੇ।