ਬਰਨਾਲਾ: ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਪਾਰਟੀ ਦੀ ਮਜ਼ਬੂਤੀ ਲਈ ਸਰਗਰਮੀ ਤੇਜ਼ ਕਰ ਦਿੱਤੀ ਹੈ। ਜਿਸਦੇ ਮੱਦੇਨਜ਼ਰ ਪਾਰਟੀ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ ਬਰਨਾਲਾ ਵਿਖੇ ਪਾਰਟੀ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਲਈ ਪੁੱਜੇ। ਇਸ ਦੌਰਾਨ ਪਰਮਿੰਦਰ ਢੀਂਡਸਾ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ 'ਤੇ ਲਿਆ।
ਪਰਮਿੰਦਰ ਸਿੰਘ ਢੀਂਡਸਾ ਨੇ ਆਪ੍ਰੇਸ਼ਨ ਲੋਟੇਸ (Operation Lotus) ਸਬੰਧੀ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਵੀ ਆਪਣੇ ਵਿਧਾਇਕਾਂ ਉਪਰ ਇਸ ਸਬੰਧੀ ਵਿਸ਼ਵਾਸ ਨਹੀਂ ਹੈ। ਆਪਣੀਆਂ ਨਾਕਾਮੀਆਂ ਕਾਰਨ ਹੀ ਅਜਿਹਾ ਮਾਹੌਲ ਆਮ ਆਦਮੀ ਪਾਰਟੀ ਪੈਦਾ ਕਰ ਰਹੀ ਹੈ।
ਉਹਨਾਂ ਕਿਹਾ ਕਿ ਬੀਜੇਪੀ ਕੋਲ ਸਿਰਫ ਦੋ ਵਿਧਾਇਕ ਹਨ, ਜਿਸ ਕਰਕੇ ਬੀਜੇਪੀ ਇਸ ਤਰ੍ਹਾਂ ਦੀ ਗਲਤੀ ਕਦੇ ਨਹੀਂ ਕਰ ਸਕਦੀ। ਇਸ ਸਬੰਧੀ ਆਮ ਆਦਮੀ ਪਾਰਟੀ ਝੂਠ ਬੋਲ ਰਹੀ ਹੈ। ਉਹਨਾਂ ਖੇਡਾਂ ਵਤਨ ਪੰਜਾਬ ਦੀਆਂ ਸਬੰਧੀ ਕਿਹਾ ਕਿ ਸਰਕਾਰ ਵਲੋਂ ਬਿਨਾਂ ਬਜ਼ਟ ਤੋਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਬਹੁਤੇ ਥਾਵਾਂ 'ਤੇ ਸਕੂਲਾਂ ਦੇ ਅਧਿਆਪਕ ਆਪਣੀ ਜੇਬ ਵਿੱਚੋਂ ਪੈਸੇ ਖਰਚ ਰਹੇ ਹਨ।
ਪਰਮਿੰਦਰ ਢੀਂਡਸਾ ਨੇ ਆਪ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਸਬੰਧੀ ਕਿਹਾ ਕਿ ਸਰਕਾਰ ਹਰ ਫਰੰਟ 'ਤੇ ਫੇਲ ਹੋਈ ਹੈ। ਸਰਕਾਰ ਵਲੋਂ ਸ਼ੁਰੂ ਵਿਚ ਜ਼ਰੂਰ ਰਿਸ਼ਵਤਖੋਰੀ 'ਤੇ ਸ਼ਖਤੀ ਕੀਤੀ ਗਈ ਸੀ, ਪਰ ਹੁਣ ਪੰਜਾਬ ਵਿੱਚ ਪਹਿਲਾਂ ਵਾਲਾ ਹੀ ਮਾਹੌਲ ਹੈ। ਰਾਘਵ ਚੱਡਾ ਬਨਾਮ ਭਗਵੰਤ ਮਾਨ ਦਾ ਮਾਹੌਲ ਬਣਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਇਸ਼ਤਿਹਾਰਬਾਜੀ 'ਤੇ ਫਜ਼ੂਲ ਖਰਚੀ ਕਰ ਰਹੀ ਹੈ। ਪਰਮਿੰਦਰ ਸਿੰਘ ਢੀਂਡਸਾ ਨੇ ਬੀਐਮਡਬਲਯੂ ਯੂਨਿਟ ਸਬੰਧੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਤਰ੍ਹਾਂ ਝੂਠਾ ਬਿਆਨ ਨਹੀਂ ਦੇਣਾ ਚਾਹੀਦਾ ਸੀ। ਅੰਤਰਰਾਸ਼ਟਰੀ ਪੱਧਰ ਦੀ ਕੰਪਨੀ ਅੱਗੇ ਪੰਜਾਬ ਅਤੇ ਪੰਜਾਬ ਸਰਕਾਰ ਦੀ ਸਥਿਤੀ ਹਾਸੋਹੀਣੀ ਬਣਾ ਕੇ ਰੱਖ ਦਿੱਤੀ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਕੰਪਨੀ ਪੰਜਾਬ ਵਿੱਚ ਉਦਯੋਗ ਸਥਾਪਿਤ ਕਰਦੀ ਹੈ ਤਾਂ ਉਸਦਾ ਸਵਾਗਤ ਹੈ, ਪਰ ਸੀਐਮ ਭਗਵੰਤ ਮਾਨ ਨੂੰ ਇਸ ਤਰ੍ਹਾਂ ਗਲਤ ਬਿਆਨਬਾਜੀ ਨਹੀਂ ਕਰਨੀ ਚਾਹੀਦੀ।
ਇਹ ਵੀ ਪੜ੍ਹੋ: ਲੁਧਿਆਣਾ ਇੰਡਸਟਰੀ ਦੇ ਕਾਰੋਬਾਰੀਆਂ ਨੇ ਆਪ ਸਰਕਾਰ 'ਤੇ ਚੁੱਕੇ ਸਵਾਲ