ਬਰਨਾਲਾ: ਮੋਦੀ ਹਕੂਮਤ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਦਾ ਸੰਘਰਸ਼ ਲਗਤਾਰ ਜਾਰੀ ਹੈ। ਦਿੱਲੀ ਟਿੱਕਰੀ ਬਾਰਡਰ ਉੱਪਰ ਸੰਘਰਸ਼ ਵਿੱਚ ਅਹਿਮ ਭੁਮਿਕਾ ਨਿਭਾਉਣ ਵਾਲੇ ਕਿਸਾਨ ਆਗੂਆਂ ਨੇ ਕਿ ਸਾਡਾ ਇਤਿਹਾਸ ਅਥਾਹ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਪੰਜਾਬ ਦੀ ਅਣਖੀਲੀ ਮਿੱਟੀ ਨੂੰ ਇਸ ਗੱਲ ਦਾ ਮਾਣ ਹੈ ਕਿ ਇਸ ਧਰਤ ਦੇ ਵਾਰਸਾਂ ਨੇ ਹਕੂਮਤੀ ਜਬਰ ਅੱਗੇ ਕਦੇ ਵੀ ਸਿਰ ਝੁਕਾਇਆ ਨਹੀਂ, ਸਗੋਂ ਸਿਰ ਉੱਚਾ ਕਰਕੇ ਮਾਣ ਨਾਲ ਜੀਵਿਆ ਹੈ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਕਿਸਾਨ ਔਰਤਾਂ 8 ਮਾਰਚ ਕੌਮਾਂਤਰੀ ਇਸਤਰੀ ਵਰ੍ਹੇ ਮੌਕੇ ਦਿੱਲੀ ਦੇ ਬਾਰਡਰਾਂ ਅਤੇ ਪੰਜਾਬ ਅੰਦਰ 68 ਥਾਵਾਂ 'ਤੇ ਚੱਲ ਰਹੇ ਸੰਘਰਸ਼ ਮੋਰਚਿਆਂ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਸ਼ਮੂਲੀਅਤ ਕਰਕੇ ਸੰਘਰਸ਼ ਨੂੰ ਹੋਰ ਮਜ਼ਬੂਤੀ ਬਖਸ਼ਣਗੀਆਂ। ਇਸੇ ਹੀ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਹੇਠ ਰਿਲਾਇੰਸ ਮਾਲ ਬਾਜਾਖਾਨਾ ਰੋਡ ਬਰਨਾਲਾ ਦਾ ਘਿਰਾਓ 149ਵੇਂ ਦਿਨ ਜਾਰੀ ਰਿਹਾ।
ਇਸ ਸਮੇਂ ਮੇਜਰ ਸਿੰਘ ਸੰਘੇੜਾ, ਜਸਵੰਤ ਸਿੰਘ, ਭਜਨ ਸਿੰਘ, ਨਾਜਰ ਸਿੰਘ, ਵਿੱਕੀ ਸਿੱਧੂ, ਗੁਰਦੇਵ ਸਿੰਘ, ਦਵਿੰਦਰ ਸਿੰਘ, ਮੱਘਰ ਸਿੰਘ, ਦਲੀਪ ਸਿੰਘ, ਮਲਕੀਤ ਸਿੰਘ ਅਤੇ ਤੇਜਾ ਸਿੰਘ ਨੇ ਵੀ ਵਿਚਾਰ ਪੇਸ਼ ਕਰਦਿਆਂ 8 ਮਾਰਚ ਨੂੰ ਸੰਘਰਸ਼ ਵਿੱਚ ਕਿਸਾਨ ਔਰਤਾਂ ਦੀ ਸ਼ਮੂਲੀਅਤ ਯਕੀਨੀ ਬਨਾਉਣ ਦੀ ਅਪੀਲ ਕੀਤੀ।