ਬਰਨਾਲਾ: ਪੰਜਾਬ ਦੀ ਨਵੀਂ ਚੁਣੀ ਸਰਕਾਰ ਤੋਂ ਤਨਖਾਹਾਂ ਵਧਾਉਣ ਅਤੇ ਪੱਕੇ ਹੋਣ ਦੀ ਆਸ ਲਾਈ ਬੈਠੇ ਕੱਚੇ ਸਿਹਤ ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਇੱਕ ਵੱਡਾ ਝਟਕਾ ਦਿੰਦਿਆਂ ਪਹਿਲਾਂ ਮਿਲਦੀ ਨਿਗੂਣੀ ਤਨਖਾਹ ‘ਤੇ ਵੀ ਕੈਂਚੀ ਫੇਰਨ ਦੀ ਤਿਆਰੀ ਵਿੱਢ ਲਈ ਹੈ। ਐਨਐਚਐਮ ਪੰਜਾਬ ਦੇ ਮਿਸ਼ਨ ਡਾਇਰੈਕਟਰ ਵੱਲੋਂ ਇਸ ਸਬੰਧੀ ਪੱਤਰ ਜਾਰੀ ਕਰਨ ਤੋਂ ਰੋਹ ਵਿੱਚ ਆਏ ਐਨਐਚਐਮ ਮੁਲਾਜ਼ਮਾਂ ਵੱਲੋਂ ਅੱਜ ਜ਼ਿਲ੍ਹਾ ਪੱਧਰੀ ਇਕੱਤਰਤਾ ਦੌਰਾਨ ਸਿਵਲ ਹਸਪਤਾਲ ਬਰਨਾਲਾ ਦੇ ਪਾਰਕ ‘ਚ ਸਬੰਧਤ ਪੱਤਰ ਦੀਆਂ ਕਾਪੀਆਂ ਫੂਕ ਕੇ ਰੋਸ ਪ੍ਰਗਟ ਕੀਤਾ। ਐਨਐਚਐਮ ਮੁਲਾਜ਼ਮਾਂ ਨੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮੁਲਾਜ਼ਮ ਵਿਰੋਧੀ ਪੱਤਰ ਵਾਪਸ ਲੈਣ ਅਤੇ ਪੂਰੀਆਂ ਤਣਖਾਹਾਂ ਸਮੇਤ ਰੈਗੂਲਰ ਕਰਨ ਦੀ ਮੰਗ ਕੀਤੀ।
ਇਸ ਮੌਕੇ ਐਨਐਚਐਮ ਇੰਪਲਾਈਜ਼ ਯੂਨੀਅਨ ਦੇ ਆਗੂਆਂ ਕਮਲਜੀਤ ਕੌਰ ਪੱਤੀ, ਅਰੁਣ ਕੁਮਾਰ, ਲਖਵੰਤ ਸਿੰਘ,ਵਿੱਕੀ, ਗੁਰਪ੍ਰੀਤ ਕੌਰ, ਅਮਿੱਤ ਕੁਮਾਰ, ਵਿਪਨ ਕੁਮਾਰ, ਮਾਇਆ, ਮਨਜਿੰਦਰ ਸਿੰਘ, ਕਿਰਨਦੀਪ ਕੌਰ, ਗਗਨਦੀਪ ਕੌਰ ਅਤੇ ਅਮਰਪ੍ਰੀਤ ਕੌਰ ਆਦਿ ਨੇ ਕਿਹਾ ਕਿ ਉਹ ਪੰਜਾਬ ਦੇ ਸਿਹਤ ਵਿਭਾਗ ਵਿੱਚ ਪਿਛਲੇ ਲੱਗਭੱਗ 15 ਸਾਲ ਤੋਂ ਨਿਗੂਣੀਆਂ ਤਣਖਾਹਾਂ ਤਹਿਤ ਠੇਕੇ ਤੇ ਕੰਮ ਕਰਦੇ ਹਨ ਤੇ ਸਾਰੇ ਐਨਐਚਐਮ ਮੁਲਾਜ਼ਮਾਂ ਨੇ ਕੋਵਿਡ-19 ਮਹਾਂਮਾਰੀ ਦੌਰਾਨ ਆਪਣੀ ਜਾਨ ਜ਼ੋਖਿਮ ਵਿੱਚ ਪਾਉਂਦਿਆਂ ‘ਫਰੰਟਲਾਈਨ’ ਕਾਮਿਆਂ ਵਜ਼ੋਂ ਕੰਮ ਕੀਤਾ ਸੀ ਪਰ ਹੁਣ ਸਰਕਾਰ ਤਣਖਾਹਾਂ ਘਟਾਉਣ ਦਾ ਤੋਹਫਾ ਦੇ ਰਹੀ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਹੀ ਪਹਿਲੀ ਕੈਬਨਿਟ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਹੁਣ ਸਰਕਾਰ ਬਣਨ ‘ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾਂ ਤਾਂ ਦੂਰ ਬਲਕਿ ਉਨ੍ਹਾਂ ਨੂੰ 5 ਸਾਲ ਪੂਰੇ ਹੋਣ ‘ਤੇ ਮਿਲਦਾ ਲੋਇਲਟੀ ਬੌਨਸ ਬੰਦ ਕਰਨ ਸਬੰਧੀ ਫੁਰਮਾਨ ਜਾਰੀ ਕਰ ਦਿੱਤਾ ਗਿਆ ਹੈ ਜਿਸ ਕਾਰਨ ਸਿਹਤ ਵਿਭਾਗ ਵਿੱਚ ਐਨਐਚਐਮ ਅਧੀਨ ਕੰਮ ਕਰਦੇ ਸਮੂਹ ਕੱਚੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਇਨ੍ਹਾਂ ਕਰੋਨਾ ਯੋਧਿਆਂ ਨਾਲ ਧੱਕਾ ਕਰ ਰਹੀ ਹੈ ਤੇ ਜੇਕਰ ਪੰਜਾਬ ਸਰਕਾਰ ਨੇ ਇਹ ਨੋਟਿਸਫਿਕੇਸ਼ਨ ਤੁਰੰਤ ਪ੍ਰਭਾਵ ਵਿੱਚ ਵਾਪਸ ਲਿਆ ਜਾਵੇ ਤੇ ਜੇਕਰ ਸਰਕਾਰ ਵੱਲੋਂ ਇਹ ਨੋਟੀਫਿਕੇਸ਼ਨ ਜਲਦ ਤੋਂ ਜਲਦ ਵਾਪਿਸ ਨਾ ਲਿਆ ਗਿਆ ਤਾਂ ਸਰਕਾਰ ਨੂੰ ਐਨਐਚਐਮ ਅਧੀਨ ਕੰਮ ਕਰਦੇ ਸਮੂਹ ਕੱਚੇ ਕਾਮਿਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।
ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੇ ਪਹਿਲਾਂ ਬਾਦਲ ਸਰਕਾਰ,ਕੈਪਟਨ ਸਰਕਾਰ ਤੇ ਚੰਨੀ ਸਰਕਾਰ ਖਿਲਾਫ ਤਿੱਖੇ ਸੰਘਰਸ਼ ਕੀਤੇ ਹਨ ਤੇ ਇਸ ਚਿੱਠੀ ਤੋਂ ਜਾਹਿਰ ਹੈ ਕਿ ਭਗਵੰਤ ਮਾਨ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੇ ਰਾਹ ਪੈ ਗਈ ਹੈ ਇਸ ਲਈ ਉਸ ਖਿਲਾਫ ਵੀ ਸੰਘਰਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਆਖਿਰ ਕੌਣ ਹੈ ਤਜਿੰਦਰ ਬੱਗਾ: ਅਰੁੰਧਤੀ ਰਾਏ ਨੂੰ ਕਸ਼ਮੀਰੀਆਂ ਦਾ ਦੁਸ਼ਮਣ ਕਹਿਣ ਕਾਰਨ ਸੁਰਖੀਆਂ 'ਚ ਆਏ, ਪੜ੍ਹੋ ਪੂਰੀ ਖ਼ਬਰ