ਬਰਨਾਲਾ: ਖਾਣ ਵਾਲੇ ਤੇਲ ਦੀਆਂ ਅਸਮਾਨ ਛੋਹ ਰਹੀਆਂ ਕੀਮਤਾਂ ਕਰਕੇ ਸੂਬੇ ਅੰਦਰ ਸਰ੍ਹੋਂ ਦੀ ਕਾਸ਼ਤ ਬਹੁਤ ਲਾਹੇਵੰਦ ਸਾਬਤ ਹੋ ਰਹੀ ਹੈ। ਪਿਛੇ ਕੁੱਝ ਸਾਲਾਂ ਤੋਂ ਸਰ੍ਹੋਂ ਦੀ ਖੇਤੀ ਤੇਜ਼ੀ ਨਾਲ ਵਧੀ ਹੈ ਅਤੇ ਪਿਛਲੇ ਦੋ ਵਰਿ੍ਹਆਂ ’ਚ ਤਾਂ ਸਰ੍ਹੋਂ ਦੀ ਖੇਤੀ ਅਧੀਨ ਰਕਬਾ ਦੁੱਗਣਾ ਹੋ ਗਿਆ ਹੈ। ਬਰਨਾਲਾ ਜ਼ਿਲ੍ਹੇ ਵਿਚ ਵੀ ਵਾਧੇ ਦਾ ਇਹ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ। ਪਿਛਲੇ ਦੋ ਵਰ੍ਹਿਆਂ ਦਰਮਿਆਨ ਸਰ੍ਹੋਂ ਅਧੀਨ ਰਕਬਾ ਪਹਿਲਾਂ ਦੇ ਮੁਕਾਬਲੇ ਦੁਗਣਾ ਵਧ ਗਿਆ ਹੈ। ਐਮਐਸਪੀ ਨਾ ਮਿਲਣ ਕਾਰਨ ਕਿਸਾਨ ਇਸ ਫ਼ਸਲ ਤੋਂ ਕਿਨਾਰਾ ਕਰਦੇ ਆ ਰਹੇ ਹਨ ਜਦਕਿ ਤੇਲ ਦੇ ਭਾਅ ਨੇ ਕਿਸਾਨਾਂ ਨੂੰ ਮੁੜ ਸਰ੍ਹੋਂ ਬੀਜਣ ਲਈ ਮਜਬੂਰ ਕੀਤਾ ਹੈ।
ਇਹ ਵੀ ਪੜੋ: Chocolate Day 2023: ਚਾਕਲੇਟ ਡੇ ਉੱਤੇ ਆਪਣੇ ਸਾਥੀ ਨੂੰ ਭੇਜੋ ਇਹ ਰੋਮਾਂਟਿਕ ਮੈਸਿਜ
ਸਰ੍ਹੋਂ ਦੀ ਕਾਸ਼ਤ ਵਿੱਚ ਵਾਧਾ: ਖੇਤੀਬਾੜੀ ਵਿਭਾਗ ਦੇ ਅੰਕੜਿਆਂ ਅਨੁਸਾਰ ਇਸ ਵਾਰ ਜ਼ਿਲ੍ਹੇ ਵਿੱਚ 1421 ਹੈਕਟੇਅਰ ਰਕਬੇ ਵਿੱਚ ਸਰ੍ਹੋਂ ਦੀ ਕਾਸ਼ਤ ਕੀਤੀ ਗਈ ਹੈ। ਜਦਕਿ 2022 ਵਿੱਚ ਇਸਦੀ 703 ਹੈਕਟੇਅਰ ਵਿੱਚ ਖੇਤੀ ਕੀਤੀ ਗਈ। 2021 ਵਿੱਚ ਕੇਵਲ 519 ਹੈਕਟੇਅਰ ਜ਼ਮੀਨ ਸਰ੍ਹੋਂ ਅਧੀਨ ਸੀ। ਸੂਬੇ ਭਰ ਵਿੱਚ ਵੀ ਸਰ੍ਹੋਂ ਦੀ ਖੇਤੀ ਦਾ ਦਾਇਰਾ ਵਧਦਾ ਜਾ ਰਿਹਾ ਹੈ। 2021 ਦੇ ਮੁਕਾਬਲੇ ਇਸ ਵਾਰ 50 ਫ਼ੀਸਦੀ ਤੋਂ ਵੱਧ ਸਰ੍ਹੋਂ ਦੀ ਖੇਤੀ ਕੀਤੀ ਜਾ ਰਹੀ ਹੈ। 2021 ਵਿੱਚ ਸੂਬੇ ਭਰ ਵਿੱਚ ਕਿਸਾਨਾਂ ਵਲੋਂ 26200 ਹੈਕਟੇਅਰ ਰਕਬੇ ’ਚ ਸਰ੍ਹੋਂ ਬੀਜੀ ਗਈ ਜੋ 2022 ਵਿੱਚ ਵਧ ਕੇ 42900 ਹੋ ਗਈ ਸੀ। ਇਸ ਵਾਰ ਸਰ੍ਹੋਂ ਅਧੀਨ ਕਰੀਬ 53000 ਹੈਕਟੇਅਰ ਦਾ ਰਕਬਾ ਆਇਆ ਹੈ।
ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ: ਬਾਜ਼ਾਰ ਵਿੱਚ ਇਸ ਵੇਲੇ ਸਰ੍ਹੋਂ ਦੇ ਤੇਲ ਦੀ ਬੰਦ ਬੋਤਲ 160-170 ਰੁਪਏ ਪ੍ਰਤੀ ਲੀਟਰ ਵਿਕ ਰਹੀ ਹੈ ਜਦਕਿ ਕੋਹਲੂ ’ਤੇ ਤੇਲ 140 ਤੋਂ 160 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਖੇਤੀ ਕਰਨ ਵਾਲੇ ਕਿਸਾਨ ਪਰਿਵਾਰ ਵੀ ਬਜ਼ਾਰੀ ਤੇਲ ’ਤੇ ਨਿਰਭਰ ਹੋ ਗਏ ਸਨ ਅਤੇ ਸਰ੍ਹੋਂ ਦੀ ਖੇਤੀ ਛੱਡ ਗਏ ਸਨ। ਬਾਜ਼ਾਰ ਵਿੱਚ ਤੇਲ ਦੀਆਂ ਵਧੀਆਂ ਕੀਮਤਾਂ ਕਾਰਨ ਕਿਸਾਨਾਂ ਨੇ ਮੁੜ ਆਪਣੀ ਸਰ੍ਹੋਂ ’ਤੇ ਟੇਕ ਸ਼ੁਰੂ ਕਰ ਦਿੱਤੀ ਹੈ। ਆਪਣੇ ਘਰਾਂ ਦੇ ਨਾਲ ਨਾਲ ਕੁੱਝ ਕਿਸਾਨਾਂ ਵਲੋਂ ਕਮਾਈ ਕਰਨ ਦੇ ਮੰਤਵ ਨਾਲ ਸਰ੍ਹੋਂ ਦੀ ਫ਼ਸਲ ਬੀਜੀ ਜਾ ਰਹੀ ਹੈ।
ਚੀਮਾ ਦੇ ਕਿਸਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਸਰ੍ਹੋਂ ਬੀਜਣੀ ਛੱਡ ਗਏ ਸਨ। ਪਰ ਇਸ ਵਾਰ ਘਰ ਲਈ 3 ਕਨਾਲਾਂ ਸਰ੍ਹੋਂ ਬੀਜੀ ਹੈ। ਜਦਕਿ ਕਿਸਾਨ ਨਿਰੰਜਣ ਸਿੰਘ ਨੇ ਦੱਸਿਆ ਕਿ ਤੇਲ ਦੇ ਵਧੇ ਭਾਅ ਕਾਰਨ ਸਰ੍ਹੋਂ ਵਿੱਚ ਮੁਨਾਫ਼ਾ ਹੋਣ ਦੀ ਸੰਭਾਵਨਾ ਹੈ ਜਿਸ ਕਰਕੇ ਉਸਨੇ 3 ਏਕੜ ਸਰ੍ਹੋਂ ਦੀ ਖੇਤੀ ਕਰ ਰਿਹਾ ਹੈ। ਮੱਲ੍ਹੀਆਂ ਦੇ ਜਗਦੀਪ ਸਿੰਘ ਵਲੋਂ ਅੱਧਾ ਏਕੜ ਤੋਂ ਵਧਾ ਕੇ ਦੋ ਕਿੱਲੇ ਜ਼ਮੀਨ ’ਚ ਸਰ੍ਹੋਂ ਬੀਜੀ ਗਈ ਹੈ। ਭੁਪਿੰਦਰ ਸਿੰਘ ਧਨੇਰ ਵਲੋਂ ਸਾਢੇ ਪੰਜ ਏਕੜ ਰਕਬਾ ਸਰ੍ਹੋਂ ਅਧੀਨ ਲਿਆਂਦਾ ਗਿਆ ਹੈ। ਇਹਨਾਂ ਕਿਸਾਨਾਂ ਦਾ ਕਹਿਣਾ ਹੈ ਕਿ ਸਰ੍ਹੋਂ ਦੀ ਫ਼ਸਲ ’ਤੇ ਨਾਮਾਤਰ ਪਾਣੀ ਦੀ ਲੋੜ ਪੈਂਦੀ ਹੈ। ਜੇਕਰ ਸਰਕਾਰ ਇਸਤੇ ਐਮਐਸਪੀ ਤੈਅ ਕਰ ਦੇਵੇ ਤਾਂ ਇਸਦਾ ਰਕਬਾ ਕਈ ਗੁਣਾ ਵਧ ਸਕਦਾ ਹੈ।
ਖੇਤੀਬਾੜੀ ਅਧਿਕਾਰੀ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਕੋਰੋਨਾ ਕਾਲ ਤੋਂ ਪਹਿਲਾਂ ਸਰ੍ਹੋਂ ਤੇਲ ਦੇ ਰੇਟ ਘੱਟ ਸਨ। ਜਦਕਿ ਕੋਰੋਨੋ ਕਾਲ ਲੰਘਣ ਸਾਰ ਵਧੀ ਮਹਿੰਗਾਈ ਦੇ ਨਾਲ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਆ ਗਿਆ। ਜਿਸ ਕਰਕੇ ਕਿਸਾਨ ਸਰ੍ਹੋਂ ਦੀ ਖੇਤੀ ਵੱਲ ਮੁੜ ਮੁੜਨ ਲੱਗੇ ਹਨ। ਇਸੇ ਕਰਕੇ ਹੀ ਪਿਛਲੇ ਦੋ ਸਾਲਾਂ ਤੋਂ ਸਰ੍ਹੋਂ ਅਧੀਨ ਰਕਬਾ ਵਧ ਰਿਹਾ ਹੈ।