ਬਰਨਾਲਾ: ਜ਼ਿਲ੍ਹੇ ਦਾ ਹਲਕਾ ਭਦੌੜ ਵਿਖੇ ਡਿਊਟੀ ਦੌਰਾਨ ਗੈਰ ਹਾਜ਼ਰ ਰਹੇ ਇਕ ਸਰਕਾਰੀ ਪ੍ਰਾਇਮਰੀ ਸਕੂਲ ਦੇ ਹੈੱਡਟੀਚਰ ਉਸ ਸਮੇਂ ਭਾਰੀ ਪੈ ਗਿਆ ਜਦੋ ਵਿਧਾਇਕ ਲਾਭ ਸਿੰਘ ਉਗੋਕੇ ਵੱਲੋਂ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਚ ਸਿੱਖਿਆ ਵਿਭਾਗ ਚ ਇਹ ਪਹਿਲਾ ਮਾਮਲਾ ਹੈ।
ਸਕੂਲਾਂ ਅਤੇ ਡਿਸਪੈਂਸਰੀਆਂ ਵਿਚ ਛਾਪੇਮਾਰੀ: ਮਿਲੀ ਜਾਣਕਾਰੀ ਮੁਤਾਬਿਕ ਜ਼ਿਲ੍ਹਾ ਬਰਨਾਲਾ ਦੇ ਹਲਕਾ ਭਦੌੜ ਦੇ ਪਿੰਡ ਧੂਰਕੋਟ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਹ ਘਟਨਾ ਹੈ। ਜਿੱਥੇ ਹੈੱਡਮਾਸਟਰ ਡਿਊਟੀ ਤੋਂ ਗੈਰਹਾਜ਼ਰ ਪਾਇਆ ਗਿਆ। ਦੱਸ ਦਈਏ ਕਿ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਲੋਕਾਂ ਨੂੰ ਸਹੀ ਸਹੂਲਤਾਂ ਦਿਵਾਉਣ ਲਈ ਲਗਾਤਾਰ ਸਕੂਲਾਂ ਅਤੇ ਡਿਸਪੈਂਸਰੀਆਂ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪਿੰਡ ਪੱਖੋਕੇ ਦੀ ਡਿਸਪੈਂਸਰੀ ਵਿੱਚ ਛਾਪਾ ਮਾਰਿਆ ਸੀ ਜਿੱਥੇ ਹੈੱਡ ਡਾਕਟਰ ਗ਼ੈਰਹਾਜ਼ਰ ਸੀ।
ਵਿਧਾਇਕ ਲਾਭ ਸਿੰਘ ਉਗੋਕੇ ਦਾ ਧੰਨਵਾਦੀ ਦੌਰਾ: ਦੱਸ ਦਈਏ ਵਿਧਾਇਕ ਲਾਭ ਸਿੰਘ ਉਗੋਕੇ ਮੰਗਲਵਾਰ ਨੂੰ ਆਪਣਾ ਧੰਨਵਾਦੀ ਦੌਰਾ ਕਰ ਰਹੇ ਸਨ। ਇਸ ਦੌਰਾਨ ਉਹ ਧੂਰਕੋਟ ਪਿੰਡ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਪਹੁੰਚੇ। ਇਸ ਦੌਰਾਨ ਸਭ ਤੋਂ ਪਹਿਲਾਂ ਜਾ ਕੇ ਉਨ੍ਹਾਂ ਨੇ ਹਾਜ਼ਰੀ ਰਜਿਸਟਰ ਦੇਖਿਆ। ਹਾਜ਼ਰੀ ਵਿੱਚ ਹੈੱਡ ਟੀਚਰ ਗੁਰਸੇਵਕ ਸਿੰਘ ਦੀ ਹਾਜ਼ਰੀ ਲੱਗੀ ਹੋਈ ਸੀ। ਪਰ ਉਹ ਸਕੂਲ ਵਿਚ ਨਹੀਂ ਸੀ। ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਕਿਸੇ ਕੰਮ ਨੂੰ ਲੈ ਕੇ ਸਕੂਲ ਚੋਂ ਫਰਲੋ ਤੇ ਗਏ ਹੋਏ ਸੀ। ਜਾਣਕਾਰੀ ਲੈਣ ਤੋਂ ਬਾਅਦ ਪਤਾ ਲੱਗਿਆ ਕਿ ਪਟਿਆਲਾ ਵਿੱਚ ਉਨ੍ਹਾਂ ਦਾ ਆਪਣਾ ਕੋਈ ਨਿੱਜੀ ਬੱਸਾਂ ਦਾ ਕੰਮਕਾਜ ਹੈ ਉਸ ਲਈ ਪਟਿਆਲੇ ਗਏ ਸਨ।
ਗੁਰਸੇਵਕ ਸਿੰਘ ਨੂੰ ਸਸਪੈਂਡ ਕਰਨ ਦਾ ਹੁਕਮ: ਇਸ ਦੌਰਾਨ ਜਾਣਕਾਰੀ ਮਿਲਦੇ ਹੀ ਵਿਧਾਇਕ ਨੇ ਤੁਰੰਤ ਡਿਪਟੀ ਡੀਓ ਵਸੁੰਧਰਾ ਕਪਿਲਾ ਨੂੰ ਮੌਕੇ ’ਤੇ ਬੁਲਾਇਆ ਅਤੇ ਸਾਰੀ ਕਾਗਜ਼ੀ ਕਾਰਵਾਈ ਕਰਨ ਤੋਂ ਬਾਅਦ ਮੌਕੇ ’ਤੇ ਹੀ ਹੈੱਡ ਟੀਚਰ ਗੁਰਸੇਵਕ ਸਿੰਘ ਨੂੰ ਸਸਪੈਂਡ ਕਰਨ ਦਾ ਹੁਕਮ ਸੁਣਾਇਆ। ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਮੋਟੀਆਂ ਤਨਖ਼ਾਹਾਂ ਲੈ ਕੇ ਜੋ ਕੰਮ ਨਹੀਂ ਕਰਦੇ ਹੁਣ ਉਨ੍ਹਾਂ ਦੇ ਬੁਰੇ ਦਿਨ ਸ਼ੁਰੂ ਹੋ ਗਏ ਹਨ। ਅਜਿਹੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਏਗਾ ਜੋ ਆਪਣੀ ਡਿਊਟੀ ਦੇ ਦੌਰਾਨ ਗ਼ੈਰਹਾਜ਼ਰ ਰਹੇਗਾ।
ਸਿੱਖਿਆ ਵਿਭਾਗ ਦੀ ਟੀਮ ਵੱਲੋਂ ਚੈਕਿੰਗ ਕੀਤੀ: ਇਸ ਸਬੰਧੀ ਫੋਨ ’ਤੇ ਗੱਲਬਾਤ ਕਰਦਿਆਂ ਬਰਨਾਲਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਰਬਜੀਤ ਸਿੰਘ ਤੂਰ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਧੂਰਕੋਟ ਵਿੱਚ ਮੁੱਖ ਅਧਿਆਪਕ ਗੁਰਸੇਵਕ ਸਿੰਘ ਨੂੰ ਅੱਜ ਦੂਜੀ ਵਾਰ ਡਿਊਟੀ ਦੌਰਾਨ ਗੈਰ ਹਾਜ਼ਰ ਪਾਇਆ ਗਿਆ ਹੈ। ਜਿਸ ਕਰਕੇ ਵਿਧਾਇਕ ਲਾਭ ਸਿੰਘ ਉੱਗੋਕੇ ਦੀ ਸੂਚਨਾ ਤੋਂ ਬਾਅਦ ਮੌਕੇ ’ਤੇ ਸਿੱਖਿਆ ਵਿਭਾਗ ਦੀ ਟੀਮ ਵੱਲੋਂ ਚੈਕਿੰਗ ਕੀਤੀ ਗਈ ਅਤੇ ਉਕਤ ਮੁੱਖ ਅਧਿਆਪਕ ਨੂੰ ਸਸਪੈਂਡ ਕਰ ਦਿੱਤਾ ਗਿਆ।
ਇਹ ਵੀ ਪੜੋ: ਭਾਰਤੀ ਸਿੰਘ ਦੀਆਂ ਮੁਸ਼ਕਿਲਾਂ ’ਚ ਹੋਰ ਵਾਧਾ, SGPC ਨੇ ਵੀ ਮਾਮਲਾ...