ਬਰਨਾਲਾ: ਬਠਿੰਡਾ ਨੈਸ਼ਨਲ ਹਾਈਵੇ ’ਤੇ ਪਿੰਡ ਬਡਬਰ ਨੇੜੇ ਬਣੇ ਟੌਲ ਪਲਾਜ਼ਾ ਬਚਾਉਣ ਦੇ ਚੱਕਰ ਵਿੱਚ ਇੱਕ ਵਿਅਕਤੀ ਨੇ ਕਾਰ ਨਹਿਰ ਵਿੱਚ ਸੁੱਟ ਲਈ ਅਤੇ ਮੌਤ ਦੇ ਮੂੰਹ ਵਿੱਚ ਜਾ ਪਿਆ। ਮ੍ਰਿਤਕ ਦੀ ਪਹਿਚਾਣ ਕਰਨੈਲ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਵਾਸੀ ਲੌਂਗੋਵਾਲ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਕਰਨੈਲ ਸਿੰਘ ਆਪਣੇ ਸਹੁਰੇ ਪਿੰਡ ਚੰਗਾਲ ਰਹਿੰਦਾ ਸੀ। ਉਸ ਦੇ ਭਰਾ ਸੁਖਪਾਲ ਸਿੰਘ ਨੇ ਘਟਨਾ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਨੈਲ ਸਿੰਘ ਬੁੱਧਵਾਰ ਰਾਤ ਆਪਣੀ ਸਵਿਫਟ ਕਾਰ ਲੈ ਕੇ ਪਿੰਡ ਚੰਗਾਲ ਜਾ ਰਿਹਾ ਸੀ। ਉਹ ਟੋਲ ਪਲਾਜ਼ਾ ਬਡਬਰ ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇ ਤੋਂ ਟੋਲ ਪਲਾਜ਼ਾ ਦੀ ਪਰਚੀ ਬਚਾਉਣ ਲਈ ਪਿੰਡ ਭੂਰਿਆਂ ਨੂੰ ਜਾਣ ਲਈ ਹਰੀਗੜ੍ਹ ਨਹਿਰ ਵਾਲੀ ਸੜਕ ਪੈ ਗਿਆ। ਜਦ ਉਹ ਇਕਦਮ ਸੜਕ ਦੇ ਮੋੜ ’ਤੇ ਕਾਰ ਮੋੜਨ ਲੱਗਿਆ ਤਾਂ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਅੱਗੇ ਨਹਿਰ ਵਿੱਚ ਡਿੱਗ ਪਈ।
ਸੁਖਪਾਲ ਸਿੰਘ ਨੇ ਦੱਸਿਆ ਕਿ ਮੇਰੇ ਭਰਾ ਕਰਨੈਲ ਨਾਲ ਬੁੱਧਵਾਰ ਦੀ ਰਾਤ ਕਰੀਬ 10 ਦੇ ਕਰੀਬ ਇੱਕ ਮਿੰਟ ਗੱਲ ਹੋਈ ਕਿ ਮੇਰੀ ਕਾਰ ਨਹਿਰ ’ਚ ਡਿੱਗ ਪਈ ਹੈ। ਅੱਜ ਸਵੇਰ ਹੁੰਦਿਆਂ ਹੀ ਪਿੰਡ ਹਰੀਗੜ੍ਹ ਦੇ ਸਰਪੰਚ ਹਰਵਿੰਦਰ ਸਿੰਘ ਅਤੇ ਪਿੰਡ ਵਾਸੀਆਂ ਨੇ ਆਪਣੀ ਇੱਕ ਘੰਟੇ ਦੀ ਜੱਦੋ ਜਹਿਦ ਵਿੱਚ ਨਹਿਰ 'ਚ ਗੱਡੀ ਦੀ ਭਾਲ ਕਰਕੇ ਟਰੈਕਟਰਾਂ ਨਾਲ ਕਾਰ ਨੂੰ ਬਾਹਰ ਕੱਢ ਲਿਆ। ਪਰ ਇਸ ਦੌਰਾਨ ਘਟਨਾ ਵਿੱਚ ਕਰਨੈਲ ਸਿੰਘ ਦੀ ਮੌਤ ਹੋ ਚੁੱਕੀ ਸੀ ਅਤੇ ਲਾਸ਼ ਕਾਰ ਵਿੱਚ ਹੀ ਪਈ ਸੀ। ਥਾਣਾ ਧਨੌਲਾ ਵਿਖੇ ਐੱਸਐੱਚਓ ਲਖਵਿੰਦਰ ਸਿੰਘ ਨੇ ਮ੍ਰਿਤਕ ਦੇ ਭਰਾ ਸੁਖਪਾਲ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਪੁਲਿਸ ਮੁਲਾਜ਼ਮ ਸਮੇਤ 4 ਗ੍ਰਿਫਤਾਰ, 17 ਲੱਖ ਤੋਂ ਵੱਧ ਰੁਪਇਆ ਬਰਾਮਦ