ਬਰਨਾਲਾ: ਪੰਜਾਬ ਸਰਕਾਰ ਵੱਲੋਂ ਸਕੂਲਾਂ ਦੀ ਤਾਲਾਬੰਦੀ ਖਤਮ ਕੀਤੇ ਜਾਣ ਉਪਰੰਤ ਸੂਬੇ ਦੇ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਦੀ ਆਮਦ ਨਾਲ ਰੌਣਕਾਂ ਪਰਤ ਆਈਆਂ ਹਨ।
ਸਰਕਾਰ ਵਲੋਂ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਪਹਿਲਾਂ ਹੀ ਖੋਲ੍ਹ ਦਿੱਤੇ ਗਏ ਸਨ ਅਤੇ ਹੁਣ ਅਧਿਆਪਕਾਂ ਤੇ ਮਾਪਿਆਂ ਵੱਲੋਂ ਲਗਾਤਾਰ ਬੱਚਿਆਂ ਦੀ ਪੜਾਈ ਪ੍ਰਤੀ ਜ਼ਾਹਿਰ ਕੀਤੀ ਜਾ ਰਹੀ ਚਿੰਤਾ ਦੇ ਮੱਦੇਨਜ਼ਰ ਪੰਜਵੀਂ, ਛੇਵੀਂ, ਸੱਤਵੀਂ ਅਤੇ ਅੱਠਵੀਂ ਜਮਾਤਾਂ ਦੇ ਵਿਦਿਆਰਥੀਆਂ ਲਈ ਵੀ ਸਕੂਲ ਖੋਲ੍ਹ ਦਿੱਤੇ ਗਏ ਹਨ।
ਕੋਵਿਡ-19 ਦੇ ਨਿਯਮਾਂ ਦਾ ਰੱਖਿਆ ਗਿਆ ਵਿਸ਼ੇਸ਼ ਖਿਆਲ
ਇਸ ਮੌਕੇ ਅਧਿਆਪਕਾਂ ਨੇ ਮਾਪਿਆਂ ਨੂੰ ਵਿਭਾਗ ਦੇ ਉਪਰਾਲਿਆਂ ਬਾਰੇ ਅਤੇ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਦੱਸਣ ਦੇ ਨਾਲ-ਨਾਲ ਕੋਵਿਡ-19 ਸਬੰਧੀ ਨਿਯਮਾਂ ਲਈ ਬੱਚਿਆਂ ਨੂੰ ਸੁਚੇਤ ਕਰਨ ਬਾਰੇ ਵੀ ਮਾਪਿਆਂ ਨੂੰ ਜਾਗਰੂਕ ਕੀਤਾ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਹਰੇਕ ਸਕੂਲ ਮੁਖੀ ਅਤੇ ਅਧਿਆਪਕ ਨੇ ਵੀ ਕੋਵਿਡ-19 ਨਿਯਮਾਂ ਦੀ ਪਾਲਣਾ ਸਬੰਧੀ ਜਾਗਰੂਕ ਕੀਤਾ ਅਤੇ ਬੱਚਿਆਂ ਨੂੰ ਨਿਯਮਾਂ ਦੀ ਪਾਲਣ ਕਰਨ ਲਈ ਪ੍ਰੇਰਿਤ ਕੀਤਾ।
ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਮਾਪੇ-ਅਧਿਆਪਕ ਮਿਲਣੀ ਦੌਰਾਨ ਮਾਪਿਆਂ ਨੂੰ ਵਿਭਾਗ ਦੇ ਨਵੇਂ ਟੀਚਿਆਂ, ਮਿਸ਼ਨ ਸ਼ਤ ਪ੍ਰਤੀਸ਼ਤ, ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਸਥਾਰ, ਆਧੁਨਿਕੀਕਰਨ, ਸਮਾਰਟ ਕਲਾਸ ਰੂਮਜ਼ ਮੁਹਿੰਮ ਤੇ ਹੋਰਨਾਂ ਨਿਵੇਕਲੇ ਪਹਿਲੂਆਂ ਬਾਰੇ ਵਿਸਥਾਰ ’ਚ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬਹੁਤ ਸਾਰੇ ਸਕੂਲਾਂ ਵਿੱਚ ਬੱਚੇ ਵੀ ਆਪਣੇ ਅਧਿਆਪਕਾਂ ਨੂੰ ਲੰਬੇ ਅਰਸੇ ਬਾਅਦ ਮਿਲਣ ’ਤੇ ਖੁਸ਼ ਨਜ਼ਰ ਆਏ।
ਸਰਕਾਰ ਦੇ ਸਕੂਲ ਖੋਲ੍ਹਣ ਦੇ ਫੈਸਲੇ ਦਾ ਅਧਿਆਪਕਾਂ ਅਤੇ ਮਾਪਿਆਂ ਵਲੋਂ ਸਵਾਗਤ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕ ਹਰਵਿੰਦਰ ਸਿੰਘ ਰੋਮੀ ਨੇ ਦੱਸਿਆ ਕਿ ਅੱਜ 5ਵੀਂ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਖੁੱਲਣ ਨਾਲ ਜਿੱਥੇ ਬੱਚਿਆਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਉੱਥੇ ਮਾਪਿਆਂ ਵੱਲੋਂ ਵੀ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ। ਉਨਾਂ ਕਿਹਾ ਕਿ ਸਕੂਲਾਂ ਵਿੱਚ ਪਹਿਲਾ ਤੋਂ ਹੀ ਕੋਵਿਡ-19 ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਹੁਣ ਬੱਚਿਆਂ ਦੀ ਗਿਣਤੀ ਵੱਧਣ ਨਾਲ ਵੀ ਨਿਯਮਾਂ ਦੀ ਪਾਲਣਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਜ਼ਿਆਦਾਤਰ ਮਾਪਿਆਂ ਨੇ ਕੋਰੋਨਾ ਸੰਕਟ ਦੌਰਾਨ ਸਕੂਲ ਸਿੱਖਿਆ ਵਿਭਾਗ ਵਲੋਂ ਆਨਲਾਈਨ ਸਿੱਖਿਆ ਸਬੰਧੀ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ।