ਬਰਨਾਲਾ: ਕੋਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਦੇ ਦੌਰਾਨ ਪੰਜਾਬ ਭਰ ਵਿੱਚ ਅਧੂਰੀਆਂ ਸਿਹਤ ਸਹੂਲਤਾਂ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸਿਵਲ ਸਰਜਨ ਬਰਨਾਲਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ।
ਕਿਸਾਨ ਆਗੂਆਂ ਨੇ ਕੋਰੋਨਾ ਵਾਇਰਸ ਦੌਰਾਨ ਡਿਊਟੀ ਦੇ ਰਹੇ ਸਿਹਤ ਕਰਮਚਾਰੀਆਂ ਨੂੰ ਲੋੜੀਂਦੇ ਸੁਰੱਖਿਆ ਪ੍ਰਬੰਧ ਕਰਨ ਅਤੇ ਕੱਚੇ ਪੱਕੇ ਸਾਰੇ ਮੁਲਾਜ਼ਮਾਂ ਦੇ 50 ਲੱਖ ਦੇ ਬੀਮੇ ਕਰਨ ਦੀ ਮੰਗ ਕੀਤੀ। ਉਨ੍ਹਾਂ ਇਸ ਔਖੀ ਘੜੀ ਵਿੱਚ ਦੇਸ਼ ਦਾ ਅੰਨ ਭੰਡਾਰ ਭਰਨ ਵਾਲੇ ਕਿਸਾਨਾਂ ਦਾ ਵੀ ਸਿਹਤ ਬੀਮਾ ਕਰਨ ਦੀ ਸਰਕਾਰ ਤੋਂ ਮੰਗ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਪੰਜਾਬ ਦੀਆਂ 17 ਵੱਖ-ਵੱਖ ਜਥੇਬੰਦੀਆਂ ਵੱਲੋਂ ਸਿਵਲ ਸਰਜਨ ਅਤੇ ਐਸਐਮਓ ਦਫ਼ਤਰਾਂ ਅੱਗੇ ਧਰਨੇ ਲਗਾਏ ਜਾ ਰਹੇ ਹਨ ਜਿਸ ਦਾ ਕਾਰਨ ਅਧੂਰੇ ਇਲਾਜ ਪ੍ਰਬੰਧਾਂ ਅਤੇ ਕਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਡਿਊਟੀ ਦੇ ਰਹੇ ਡਾਕਟਰਾਂ ਨੂੰ ਲੋੜੀਂਦੀਆਂ ਸੁਰੱਖਿਆ ਸਹੂਲਤਾਂ ਨਾ ਦੇਣਾ ਹੈ।
ਉਨ੍ਹਾਂ ਕਿਹਾ ਕਿ ਅੱਜ ਦੀ ਘੜੀ ਵਿੱਚ ਸਿਹਤ ਕਰਮਚਾਰੀ ਬਿਨਾਂ ਹਥਿਆਰਾਂ ਤੋਂ ਲੜਾਈ ਲੜ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਜੋ ਵੀ ਵਿਅਕਤੀ ਇਸ ਔਖੀ ਘੜੀ ਵਿੱਚ ਜ਼ਮੀਨੀ ਪੱਧਰ 'ਤੇ ਆ ਕੇ ਸਰਕਾਰ ਦਾ ਸਾਥ ਦੇ ਰਿਹਾ ਹੈ ਉਸ ਦਾ ਘੱਟ ਤੋਂ ਘੱਟ 50 ਲੱਖ ਦਾ ਬੀਮਾ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਲੁੱਟ ਦਾ ਕਾਰਨ ਬਣੇ ਨਿੱਜੀ ਹਸਪਤਾਲ ਇਸ ਔਖੀ ਘੜੀ ਵਿੱਚ ਪਿੱਠ ਲਗਾ ਕੇ ਭੱਜ ਗਏ ਹਨ, ਜਿਸ ਲਈ ਸਰਕਾਰ ਨੂੰ ਸਖ਼ਤੀ ਕਰਦੇ ਹੋਏ ਇਸ ਔਖੀ ਘੜੀ ਵਿੱਚ ਆਪਣੇ ਹਸਪਤਾਲ ਬੰਦ ਕਰਨ ਵਾਲੇ ਨਿੱਜੀ ਹਸਪਤਾਲਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਲਾਇਆ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਜਹਾਜ਼ ਜਾਂ ਹੋਰ ਸਹੂਲਤਾਂ ਤੋਂ ਬਿਨਾਂ ਰਹਿ ਸਕਦਾ ਹੈ, ਪਰ ਰੋਟੀ ਤੋਂ ਬਿਨਾਂ ਨਹੀਂ ਰਹਿ ਸਕਦਾ, ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਦੇਸ਼ ਦਾ ਅੰਨ ਭੰਡਾਰ ਭਰਨ ਵਾਲੇ ਕਿਸਾਨਾਂ ਦਾ 50 ਲੱਖ ਦਾ ਬੀਮਾ ਕੀਤਾ ਜਾਵੇ।