ਬਰਨਾਲਾ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਦਾ ਸਿਆਸੀ ਅਖਾੜਾ ਭਖਿਆ ਹੋਇਆ ਹੈ। ਇਸ ਦਰਮਿਆਨ ਸਾਰੀਆਂ ਸਿਆਸੀ ਪਾਰਟੀਆਂ ਚੋਣ ਪ੍ਰਚਾਰ ’ਤੇ ਲੱਗੀਆਂ ਹੋਈਆਂ ਹਨ। ਇਸਦੇ ਨਾਲ ਹੀ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਆਪਣੇ ਮੁੱਦਿਆਂ ਨੂੰ ਲੈ ਕੇ ਸਿਆਸੀ ਆਗੂਆਂ ਨੂੰ ਵੀ ਪਿੰਡਾਂ ਵਿੱਚ ਘੇਰ ਰਹੀਆਂ ਹਨ।
ਇਸ ਤਹਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ਼ ਵਿਧਾਨ ਸਭਾ ਹਲਕਾ ਭਦੌੜ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉੱਗੋਕੇ ਦਾ ਹਲਕੇ ਦੇ ਪਿੰਡ ਭੈਣੀ ਜੱਸਾ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨਾਲ ਸਾਹਮਣਾ ਹੋ ਗਿਆ। ਇਸ ਦਰਮਿਆਨ ਜਥੇਬੰਦੀ ਆਗੂਆਂ ਵੱਲੋਂ ਆਪ ਉਮੀਦਵਾਰ ਨੂੰ ਚੋਣ ਪ੍ਰਚਾਰ ਤੋਂ ਪਹਿਲਾਂ ਸਵਾਲਾਂ ਦੇ ਜਵਾਬ ਮੰਗੇ ਗਏ। ਇਸ ਦੌਰਾਨ ਆਪ ਉਮੀਦਵਾਰ ਠਰੰਮੇ ਨਾਲ ਕਿਸਾਨ ਜਥੇਬੰਦੀਆਂ ਦੇ ਸਵਾਲਾਂ ਦਾ ਜਵਾਬ ਦਿੱਤੇ ਗਏ।
ਇਸ ਮੌਕੇ ਕਿਸਾਨ ਯੂਨੀਅਨ ਵੱਲੋਂ ਪੰਜਾਬ ਦੇ ਪਾਣੀ, ਖੇਤੀ ਕਾਨੂੰਨਾਂ ਤੇ ਕੇਜਰੀਵਾਲ ਦੀ ਦਿੱਲੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਨ, ਕਿਸਾਨੀ, ਸਿਹਤ, ਸੜਕਾਂ ਸਮੇਤ ਕਈ ਅਹਿਮ ਮੁੱਦਿਆਂ ਦੇ ਸਵਾਲ ਮੰਗੇ ਗਏ। ਇਸ ’ਤੇ ਆਪ ਉਮੀਦਵਾਰ ਲਾਭ ਸਿੰਘ ਉਗੋਕੇ ਨੇ ਕਿਸਾਨ ਜੱਥੇਬੰਦੀ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਜਿਸਤੋ ਬਾਅਦ ਉਸਨੂੰ ਚੋਣ ਪ੍ਰਚਾਰ ਕਰਨ ਦਿੱਤਾ ਗਿਆ।
ਕਿਸਾਨ ਆਗੂਆਂ ਨੇ ਖ਼ਦਸਾ ਵੀ ਜ਼ਾਹਿਰ ਕੀਤਾ ਕਿ ਇਸਤੋਂ ਪਹਿਲਾਂ ਵੀ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਪਿਰਮਲ ਸਿੰਘ ਨੂੰ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਸੀ, ਪਰ ਉਹ ਚੋਣ ਜਿੱਤਣ ਤੋਂ ਬਾਅਦ ਨਾ ਲੋਕਾਂ ਦੀ ਕੋਈ ਆਵਾਜ਼ ਉਠਾ ਸਕਿਆ ਅਤੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਿਆ। ਕਿਸਾਨਾਂ ਦੇ ਇਸ ਸਵਾਲ ’ਤੇੇ ਲਾਭ ਸਿੰਘ ਉੱਗੋਕੇ ਨੇ ਲੋਕਾਂ ਵਿੱਚ ਰਹਿਣ ਦਾ ਭਰੋਸਾ ਦਿੱਤਾ।
ਇਸ ਮੌਕੇ ਕਈ ਲੋਕਾਂ ਵੱਲੋਂ ਆਪ ਉਮੀਦਵਾਰ ਦੀਆਂ ਗੱਲਾਂ ਸੁਣ ਕੇ ਤਾੜੀਆਂ ਮਾਰੀਆਂ ਗਈਆਂ ਸਨ ਪਰ ਕਿਸਾਨ ਆਗੂ ਵੱਲੋਂ ਤਾੜੀਆਂ ਮਾਰਨ ਵਾਲਿਆਂ ਨੂੰ ਰੋਕਿਆ ਗਿਆ। ਨਾਲ ਹੀ ਕਿਸਾਨ ਆਗੂ ਨੇ ਉੱਗੋਕੇ ਨੂੰ ਸਵਾਲ ਕੀਤਾ ਕਿ ਜੋ ਭਰੋਸਾ ਦਿੱਤਾ ਹੈ ਹੁਣ ਕੀ ਆਉਣ ਵਾਲੇ ਦਿਨ੍ਹਾਂ ਇੰਨ੍ਹਾਂ ਗੱਲਾਂ ਤੇ ਰਹੇਗਾ।
ਕਿਸਾਨਾਂ ਨੇ ਕਿਹਾ ਕਿ ਜੇ ਉਹ ਇੰਨ੍ਹਾਂ ਗੱਲਾਂ ’ਤੇ ਨਾ ਰਹੇ ਤਾਂ ਉਹ ਕਿਸਾਨ ਉਨ੍ਹਾਂ ਦਾ ਘਿਰਾਓ ਕਰਨਗੇ। ਕਿਸਾਨ ਦੀਆਂ ਗੱਲਾਂ ਦਾ ਜਵਾਬ ਦਿੰਦੇ ਹੋਏ ਉੱਗੋਕੇ ਨੇ ਕਿਹਾ ਕਿ ਉਹ ਤੁਹਾਡਾ ਪੁੱਤ ਹੈ ਅਤੇ ਤੁਹਾਡੇ ਵਿੱਚ ਹੀ ਰਹੇਗਾ ਉਨ੍ਹਾਂ ਕਿਹਾ ਕੇ ਉਨ੍ਹਾਂ ਕੰਮ ਨਾ ਕੀਤਾ ਤਾਂ ਜਦੋਂ ਮਰਜੀ ਉਹ ਉਸਦਾ ਘਿਰਾਓ ਕਰ ਸਕਦੇ ਹਨ।
ਇਹ ਵੀ ਪੜ੍ਹੋ: ਪੰਜਾਬੀ ਗਾਇਕ ਜੱਸੀ ਜਸਰਾਜ ਭਾਜਪਾ ’ਚ ਸ਼ਾਮਲ