ਬਰਨਾਲਾ: ਜਿੱਥੇ ਦਿੱਲੀ ਤੋਂ ਇਲਾਵਾਂ ਦੇਸ਼ ਵਿੱਚ ਕਿਸਾਨਾਂ ਦਾ ਅੰਦੋਲਨ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਪਰ ਕੇਂਦਰ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀ ਸਰਕ ਰਹੀ। ਦੂਜੇ ਪਾਸੇ ਕਿਸਾਨ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਹਨ। ਕਿਸਾਨਾਂ ਦੀ 32 ਜਥੇਬੰਦੀਆਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਬਰਨਾਲਾ ਦੇ ਰੇਲਵੇ ਸਟੇਸ਼ਨ 'ਤੇ ਧਰਨਾ 382ਵੇਂ ਦਿਨ ਵੀ ਜਾਰੀ ਹੈ। ਜਿੱਥੇ ਬੁਲਾਰਿਆਂ ਨੇ ਭਲਕੇ 18 ਅਕਤੂਬਰ ਦੇ ਦੇਸ਼-ਪੱਧਰੀ ਰੇਲ ਰੋਕੋ ਪ੍ਰੋਗਰਾਮ ਬਾਰੇ ਚਰਚਾ ਕੀਤੀ।
ਕਿਸਾਨ ਆਗੂਆਂ ਨੇ ਕਿਹਾ ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਨੂੰ ਲਖੀਮਪੁਰ-ਖੀਰੀ ਕਾਂਡ ਦੇ ਦੋਸ਼ੀ ਅਜੈ ਮਿਸ਼ਰਾ ਨੂੰ ਗ੍ਰਹਿ ਰਾਜ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਨ ਅਤੇ ਗ੍ਰਿਫ਼ਤਾਰ ਕਰਨ ਲਈ 2 ਹਫ਼ਤਿਆਂ ਦਾ ਸਮਾਂ ਦਿੱਤਾ ਸੀ। ਪਰ ਕਿਸਾਨਾਂ ਨੂੰ 2 ਮਿੰਟ ਵਿੱਚ ਖਦੇੜਨ' ਵਾਲਾ ਭੜਕਾਊ ਤੇ ਧਮਕੀ ਭਰਪੂਰ ਬਿਆਨ ਦੇਣ ਵਾਲੇ ਕੇਂਦਰੀ ਮੰਤਰੀ ਵਿਰੁੱਧ ਸਰਕਾਰ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ।
ਇਸ ਲਈ ਕਿਸਾਨ ਮੋਰਚਾ,ਪਹਿਲਾਂ ਤੋਂ ਐਲਾਨੇ ਫੈਸਲੇ ਅਨੁਸਾਰ, ਸੋਮਵਾਰ ਨੂੰ 10 ਤੋਂ 4 ਵਜੇ ਤੱਕ ਰੇਲਾਂ ਰੋਕਣ ਦਾ ਪ੍ਰੋਗਰਾਮ ਲਾਗੂ ਕਰੇਗਾ। ਇਸ ਅਰਸੇ ਦੌਰਾਨ ਧਰਨੇ ਰੇਲਵੇ ਲਾਈਨਾਂ ਉਪਰ ਹੀ ਲਾਏ ਜਾਣਗੇ। ਆਗੂਆਂ ਨੇ ਸਭ ਨੂੰ ਇਸ ਪ੍ਰੋਗਰਾਮ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਬਰਨਾਲਾ ਵਿੱਚ ਸਵੇਰੇ ਤੋਂ ਹੀ ਰੁੱਕ-ਰੁੱਕ ਕੇ ਮੀਂਹ ਪੈਂਦਾ ਰਿਹਾ। ਪਰ ਨਾ ਤਾਂ ਧਰਨਾਕਾਰੀਆਂ ਦੀ ਗਿਣਤੀ ਵਿੱਚ ਅਤੇ ਨਾ ਹੀ ਉਨ੍ਹਾਂ ਦੇ ਜੋਸ਼ ਵਿੱਚ ਕੋਈ ਕਮੀ ਨਜ਼ਰ ਆਈ।
ਇਸ ਦੌਰਾਨ ਬੁਲਾਰਿਆਂ ਨੇ ਪੰਜਾਬ ਵਿੱਚ ਖਾਦ ਤੇ ਬੀਜਾਂ ਦੀ ਕਿੱਲਤ ਦਾ ਮਸਲਾ ਉਠਾਇਆ। ਆਗੂਆਂ ਨੇ ਕਿਹਾ ਕਿ ਹਾੜੀ ਦੀਆਂ ਫਸਲਾਂ ਦੀ ਬਿਜਾਈ ਸਿਰ 'ਤੇ ਹੈ, ਕਿਸਾਨ ਝੋਨੇ ਦੀ ਕਟਾਈ ਵਿੱਚ ਰੁੱਝੇ ਹੋਏ ਹਨ ਅਤੇ ਦੂਜੇ ਪਾਸੇ ਖਾਦ ਤੇ ਬੀਜਾਂ ਦਾ ਇੰਤਜ਼ਾਮ ਕਰਨ ਲਈ ਉਨ੍ਹਾਂ ਨੂੰ ਦਰ-ਦਰ ਭਟਕਣਾ ਪੈ ਰਿਹਾ ਹੈ। ਬੁਲਾਰਿਆਂ ਨੇ ਸਰਕਾਰ ਤੋਂ ਇਸ ਕਿੱਲਤ ਨੂੰ ਤੁਰੰਤ ਦੂਰ ਕਰਨ ਦੀ ਮੰਗ ਕੀਤੀ।
ਐਤਵਾਰ ਨੂੰ ਧਰਨੇ ਨੂੰ ਬਲਵੰਤ ਸਿੰਘ ਉਪਲੀ,ਕਰਨੈਲ ਸਿੰਘ ਗਾਂਧੀ, ਗੁਰਨਾਮ ਸਿੰਘ ਠੀਕਰੀਵਾਲਾ, ਬਲਵਿੰਦਰ ਕੌਰ ਖੁੱਡੀ, ਬਾਬੂ ਸਿੰਘ ਖੁੱਡੀ, ਜਸਪਾਲ ਸਿੰਘ ਚੀਮਾ, ਬਲਵੀਰ ਕੌਰ ਕਰਮਗੜ੍ਹ, ਮੇਲਾ ਸਿੰਘ ਕੱਟੂ, ਚਰਨਜੀਤ ਕੌਰ, ਗੁਰਜੰਟ ਸਿੰਘ ਹਮੀਦੀ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕੌਮਾਂਤਰੀ ਭੁੱਖਮਰੀ ਸੂਚਕ-ਅੰਕ ਲਿਸਟ ਵਿੱਚ ਭਾਰਤ ਦੀ ਨਿੱਘਰ ਰਹੀ ਹਾਲਤ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਆਗੂਆਂ ਨੇ ਦੱਸਿਆ ਇੱਕ ਵਕਾਰੀ ਅੰਤਰਰਾਸ਼ਟਰੀ ਸੰਸਥਾ ਵੱਲੋਂ ਭੁੱਖਮਰੀ ਬਾਰੇ ਕਰਵਾਏ ਸਰਵੇ ਅਨੁਸਾਰ ਕੁੱਲ 116 ਦੇਸ਼ਾਂ ਦੀ ਸੂਚੀ ਵਿੱਚ ਭਾਰਤ 101ਵੇਂ ਨੰਬਰ 'ਤੇ ਆ ਗਿਆ ਹੈ। ਪਿਛਲੇ ਸਾਲ ਭਾਰਤ 94ਵੇਂ ਨੰਬਰ 'ਤੇ ਸੀ,ਯਾਨੀ ਸਾਲ ਭਰ ਦੌਰਾਨ ਹਾਲਤ ਹੋਰ ਨਿੱਘਰ ਗਈ।
ਇਹ ਅੰਕੜੇ ਸਰਕਾਰ ਦੇ ਇਸ ਦਾਅਵੇ ਦੀ ਪੋਲ ਖੋਲ੍ਹਦੇ ਹਨ, ਕਿ ਦੇਸ਼ ਵਿੱਚ ਅਨਾਜ ਦਾ ਭੰਡਾਰ, ਜਰੂਰਤ ਨਾਲੋਂ ਤਿੰਨ ਗੁਣਾ ਵੱਧ ਹੈ। ਜੇਕਰ ਇੰਨਾ ਅਨਾਜ ਭੰਡਾਰ ਹੈ ਤਾਂ ਭੁੱਖਮਰੀ ਦੇ ਪੱਖੋਂ ਸਾਡੀ ਹਾਲਤ ਇੰਨੀ ਖ਼ਰਾਬ ਕਿਉਂ ਹੈ। ਅਸਲ ਵਿੱਚ ਵਾਧੂ ਭੰਡਾਰਨ ਦਾ ਕਾਰਨ ਅਨਾਜ ਦੀ ਵਾਧੂ ਪੈਦਾਵਾਰ ਨਹੀਂ,ਆਮ ਲੋਕਾਂ ਦੀ ਖਰੀਦ-ਸ਼ਕਤੀ ਦੀ ਕਮੀ ਹੈ। ਬੁਲਾਰਿਆਂ ਨੇ ਕਿਹਾ ਕਿ ਇਹ ਅੰਕੜਾ ਸਾਡੇ ਲਈ ਇਸ ਲਈ ਮਹੱਤਵਪੂਰਨ ਹੈ ਕਿ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਬਾਅਦ ਕਾਰਪੋਰੇਟ ਘਰਾਣੇ ਇਸ ਭੁੱਖਮਰੀ ਨੂੰ ਆਪਣਾ ਮੁਨਾਫ਼ਾ ਵਧਾਉਣ ਲਈ ਵਰਤਣਗੇ ਅਤੇ ਭੁੱਖਮਰੀ ਕਾਰਨ ਕਾਲ ਜਿਹੇ ਹਾਲਾਤ ਪੈਦਾ ਹੋ ਜਾਣਗੇ। ਮਹਿੰਗਾਈ ਕਾਰਨ ਭੋਜਨ ਆਮ ਲੋਕਾਂ ਦੀ ਪਹੁੰਚ ਵਿੱਚ ਨਹੀਂ ਰਹੇਗਾ। ਇਸ ਲਈ ਭੁੱਖਮਰੀ ਤੋਂ ਬਚਣ ਲਈ ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਬਗੈਰ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ।
ਇਹ ਵੀ ਪੜ੍ਹੋ:- 6 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਤਿੰਨ ਨਿਹੰਗ