ਬਰਨਾਲਾ: ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਅਤੇ ਇੰਸਪੈਕਟਿੰਗ ਜੱਜ ਸ਼ੈਸ਼ਨਜ਼ ਡਵੀਜਨ ਬਰਨਾਲਾ ਜਸਟਿਸ ਪੰਕਜ਼ ਜੈਨ ਵੱਲੋਂ ਜ਼ਿਲ੍ਹਾ ਕਚਿਹਰੀਆਂ ਬਰਨਾਲਾ ਦਾ ਸਾਲਾਨਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਬੀਬੀਐੱਸ ਤੇਜ਼ੀ ਜ਼ਿਲ੍ਹਾ ਅਤੇ ਸੈਸ਼ਨਜ ਜੱਜ, ਪੂਨਮਦੀਪ ਕੌਰ ਮਾਨਯੋਗ ਡਿਪਟੀ ਕਮਿਸ਼ਨਰ, ਸੰਦੀਪ ਮਲਿਕ ਸੀਨੀਅਰ ਸੁਪਰਡੰਟ ਆਫ ਪੁਲਿਸ, ਸਮੂਹ ਜੁਡੀਸ਼ੀਅਲ ਅਫ਼ਸਰ ਸਾਹਿਬਾਨ, ਜ਼ਿਲ੍ਹਾ ਬਾਰ ਐਸੋਸ਼ੀਏਸ਼ਨ ਦੇ ਪ੍ਰਧਾਨ ਨਿਤਿਨ ਬਾਂਸਲ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਬਰਨਾਲਾ ਪੁਲਿਸ ਵਲੋਂ ਮਾਨਯੋਗ ਜੱਜ ਸਾਬ੍ਹ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਇਸਪੈਕਸ਼ਨ ਦੇ ਦੌਰਾਨ ਮਾਨਯੋਗ ਜੱਜ ਸਾਹਿਬ ਵੱਲੋਂ ਬਰਨਾਲਾ ਕਚਿਹਰੀਆਂ ਦੀਆਂ ਸਾਰੀਆਂ ਅਦਾਲਤਾਂ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਦੋਰਾਨ ਉਨ੍ਹਾਂ ਵਲੋਂ ਸਮੂਹ ਸਿਵਲ ਅਤੇ ਕ੍ਰਿਮੀਨਲ ਕੋਰਟਾਂ ਦੇ ਕੰਮ-ਕਾਰ ਅਤੇ ਸਲਾਨਾ ਰਿਕਾਰਡ ਦਾ ਮੁਆਇਨਾ ਕੀਤਾ ਗਿਆ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਵੀ ਦਿੱਤੇ ਗਏ।
ਇਹ ਵੀ ਪੜੋ: Love Rashifal 7 March 2023 : ਜੀਵਨ ਸਾਥੀ ਨਾਲ ਸੁਲਝਣਗੇ ਮਤਭੇਦ ਅੱਜ ਦੇ ਰਾਸ਼ੀਫਲ 'ਚ ਜਾਣੋ ..
ਵਕੀਲਾਂ ਦੀਆਂ ਸੁਣੀਆਂ ਸਮੱਸਿਆਵਾਂ: ਇਸਤੋਂ ਬਾਅਦ ਮਾਨਯੋਗ ਜੱਜ ਸਾਹਿਬ ਵਲੋਂ ਬਰਨਾਲਾ ਜ਼ਿਲ੍ਹੇ ਦੇ ਵਕੀਲ ਸਾਹਿਬਾਨਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਗਿਆ। ਮਾਨਯੋਗ ਜੱਜ ਸਾਹਿਬ ਨੇ ਵਕੀਲ ਸਾਹਿਬਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਵੱਧ ਤੋਂ ਵੱਧ ਸਹਿਯੋਗ ਮਾਨਯੋਗ ਜੱਜ ਸਾਹਿਬਾਨਾਂ ਨੂੰ ਦੇਣ ਤਾਂ ਜੋ ਪੈਡਿੰਗ ਕੇਸਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾ ਸਕੇ। ਇਸ ਉਪਰੰਤ ਮਾਨਯੋਗ ਜੱਜ ਸਾਹਿਬ ਵਲੋਂ ਬਰਨਾਲਾ ਸੈਸ਼ਨਜ਼ ਡਵੀਜ਼ਨ ਦੇ ਸਾਰੇ ਜੁਡੀਸ਼ੀਅਲ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਮਾਨਯੋਗ ਜੱਜ ਸਾਹਿਬ ਵਲੋਂ ਸਾਰੇ ਜੁਡੀਸ਼ੀਅਲ ਅਫ਼ਸਰਾਂ ਨੂੰ ਆਪਣਾ ਕੰਮ ਇਮਾਨਦਾਰੀ, ਮਿਹਨਤ ਲਗਨ ਅਤੇ ਨਿਮਰਤਾ ਨਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਜੇਲ੍ਹ ਦਾ ਕੀਤਾ ਦੌਰਾ: ਇਸ ਤੋਂ ਇਲਾਵਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲੋਂ ਛੇ ਹਫ਼ਤੇ ਚੱਲਣ ਵਾਲੇ ਨਸ਼ਾ ਵਿਰੋਧੀ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਇਸ ਅਭਿਆਨ ਅਧੀਨ ਜਾਗਰੂਕਤਾ ਮਾਰਚ ਨੂੰ ਮਾਨਯੋਗ ਜੱਜ ਸਹਿਬ ਪੰਕਜ਼ ਜੈਨ ਜੀ ਵੱਲੋਂ ਹਰੀ ਝੰਡੀ ਦਿੱਤੀ ਗਈ। ਇਸਤੋਂ ਬਾਅਦ ਮਾਨਯੋਗ ਜੱਜ ਪੰਕਜ਼ ਜੈਨ ਵਲੋਂ ਜ਼ਿਲ੍ਹਾ ਜੇਲ੍ਹ ਬਰਨਾਲਾ ਦਾ ਦੌਰਾ ਕੀਤਾ ਗਿਆ। ਉਨ੍ਹਾਂ ਵਲੋਂ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਖੇ ਜੇਲ੍ਹ ਬੰਦੀਆਂ ਲਈ ਬਣਾਈ ਗਈ ਲਾਈਬ੍ਰੇਰੀ ਅਤੇ ਕੰਪਿਊਟਰ ਟ੍ਰੇਨਿੰਗ ਸੈਂਟਰ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਵਲੋਂ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਖੇ ਪੌਦੇ ਲਗਾਏ ਗਏ। ਇਸਤੋਂ ਬਾਅਦ ਜੱਜ ਪੰਕਜ਼ ਜੈਨ ਵਲੋਂ ਬੰਦੀਆਂ ਨੂੰ ਜੇਲ੍ਹ ਵਿੱਚ ਆ ਰਹੀਆਂ ਮੁਸ਼ਕਿਲਾਂ ਦਾ ਜਾਇਜ਼ਾ ਲਿਆ ਗਿਆ ਅਤੇ ਉਹਨਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਸਕੀਮ ਦੀ ਜਾਣਕਾਰੀ ਵੀ ਦਿੱਤੀ। ਇਸਤੋਂ ਇਲਾਵਾਂ ਉਨ੍ਹਾਂ ਭੋਜਨ, ਪਾਣੀ, ਜੇਲ੍ਹ ਬੈਰਕਾਂ ਦੀ ਸਾਫ ਸਫਾਈ ਅਤੇ ਜੇਲ੍ਹ ਬੰਦੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਦਾ ਜਾਇਜਾ ਲਿਆ।