ਅੰਮ੍ਰਿਤਸਰ: ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਜਦੋਂ ਸਾਡਾ ਦੇਸ਼ ਚੈਨ ਦੀ ਨੀਂਦ ਸੌਂ ਰਿਹਾ ਹੁੰਦਾ ਹੈ, ਤਾਂ ਉਹ ਫੌਜੀ ਜਵਾਨ ਹੀ ਹੁੰਦੇ ਹਨ, ਜੋ ਦੇਸ਼ ਦੀਆਂ ਸਰਹੱਦਾਂ ਉੱਤੇ ਦਿਨ ਰਾਤ ਡਿਊਟੀ ਨਿਭਾਅ ਕੇ ਆਪਣੇ ਦੇਸ਼ ਦੀ ਰਾਖੀ ਕਰਦੇ ਹਨ। ਪਰ, ਜਦੋਂ ਕੋਈ ਜਵਾਨ ਜਵਾਨ ਫੌਜੀ ਪੁੱਤ ਦੇਸ਼ ਦੀ ਰਾਖੀ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਲੈਂਦਾ ਹੈ, ਤਾਂ ਪਿੱਛੇ ਵਿਲਖਦੇ ਹੋਏ ਉਸ ਦੇ ਪਰਿਵਾਰ ਨੂੰ ਦੇਖ ਕੇ ਦਿਲ ਪਸੀਜਿਆ ਜਾਂਦਾ ਹੈ।
ਪੁੰਛ ਵਿੱਚ ਤਾਇਨਾਤ ਸੀ ਸ਼ਹੀਦ ਜੁਗਰਾਜ ਸਿੰਘ
ਜੀ ਹਾਂ, ਇਹ ਤਸਵੀਰਾਂ ਸ੍ਰੀਨਗਰ ਦੇ ਪੁੰਛ ਵਿੱਚ ਤੈਨਾਤ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਜੱਬੋਵਾਲ ਦੇ ਵਸਨੀਕ ਉਸ ਸ਼ਹੀਦ ਜਵਾਨ ਜੁਗਰਾਜ ਸਿੰਘ ਦੀਆਂ ਹਨ, ਜੋ ਕਿ ਬੀਤੇ ਕਰੀਬ 17-18 ਮਹੀਨਿਆਂ ਤੋਂ ਪੁੰਛ ਵਿੱਚ ਤਾਇਨਾਤ ਸੀ। ਦੇਸ਼ ਦੀ ਸੇਵਾ ਵਿੱਚ ਡਿਊਟੀ ਨਿਭਾਅ ਰਿਹਾ ਸੀ। ਬੀਤੇ ਦੋ ਦਿਨ ਪਹਿਲਾਂ ਫੌਜੀ ਜਵਾਨ ਜੁਗਰਾਜ ਸਿੰਘ ਸ਼ਹੀਦ ਹੋ ਗਏ ਜਿਨ੍ਹਾਂ ਦੀ ਮ੍ਰਿਤਕ ਦੇ ਅੱਜ ਜਦੋਂ ਉਨ੍ਹਾਂ ਦੇ ਜੱਦੀ ਪਿੰਡ ਜੱਬੋਵਾਲ ਵਿੱਚ ਪੁੱਜੀ, ਤਾਂ ਉਸ ਨੂੰ ਦੇਖ ਕੇ ਹਰ ਅੱਖ ਵਿੱਚੋਂ ਹੰਝੂ ਕਿਰਦੇ ਹੋਏ ਨਜ਼ਰ ਆਏ।
ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਸ਼ਹੀਦ, ਪਿੱਛੇ ਛੱਡ ਗਿਆ 3 ਸਾਲ ਦਾ ਪੁੱਤਰ
ਸ਼ਹੀਦ ਜੁਗਰਾਜ ਸਿੰਘ ਦੇ ਪਿਤਾ ਤੇ ਸਾਬਕਾ ਫੌਜੀ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਜੁਗਰਾਜ ਸਿੰਘ 16 ਸਿੱਖਲਾਈ 49 ਆਰ ਆਰ ਵਿੱਚ ਸੇਵਾਵਾਂ ਨਿਭਾ ਰਿਹਾ ਸੀ, ਜੋ ਕਿ ਸਾਲ 2018 ਦੌਰਾਨ ਸੈਨਾ ਵਿੱਚ ਭਰਤੀ ਹੋਇਆ ਸੀ। ਕਰੀਬ ਪੰਜ ਸਾਲ ਪਹਿਲਾਂ ਉਨ੍ਹਾ ਦੇ ਪੁੱਤਰ ਜੁਗਰਾਜ ਸਿੰਘ ਦਾ ਵਿਆਹ ਬਲਜਿੰਦਰ ਕੌਰ ਨਾਲ ਹੋਇਆ ਸੀ ਜਿਸ ਤੋਂ ਬਾਅਦ ਹੁਣ ਉਨ੍ਹਾਂ ਦਾ ਤਿੰਨ ਸਾਲ ਦਾ ਪੁੱਤਰ ਹੈ। ਉਨ੍ਹਾਂ ਨੇ ਦੱਸਿਆ ਕਿ ਪੁੱਤਰ ਜੁਗਰਾਜ ਸਿੰਘ ਤੋਂ ਇਲਾਵਾ ਉਨ੍ਹਾਂ ਦੀਆਂ ਤਿੰਨ ਬੇਟੀਆਂ ਹਨ, ਜਿਨ੍ਹਾਂ ਵਿੱਚੋਂ ਦੋ ਬੇਟੀਆਂ ਦੇ ਵਿਆਹ ਹੋ ਚੁੱਕੇ ਹਨ।
ਸ਼ਹੀਦ ਦੇ ਪਿਤਾ ਵੀ ਦੇਸ਼ ਲਈ ਨਿਭਾਅ ਚੁੱਕੇ ਸੇਵਾ
ਦੱਸ ਦਈਏ ਕਿ ਸ਼ਹੀਦ ਜਵਾਨ ਜੁਗਰਾਜ ਸਿੰਘ ਦੇ ਪਿਤਾ ਨਿਰਮਲ ਸਿੰਘ ਵੀ ਇਸ ਤੋਂ ਪਹਿਲਾਂ ਸੈਨਾ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਕੇ ਸੇਵਾ ਮੁਕਤ ਹੋ ਚੁੱਕੇ ਹਨ ਅਤੇ ਬਾਅਦ ਵਿੱਚ ਦੇਸ਼ ਦੀ ਸੇਵਾ ਦੇ ਲਈ ਆਪਣੇ ਪੁੱਤਰ ਨੂੰ ਸੈਨਾ ਵਿੱਚ ਭਰਤੀ ਕਰਵਾਇਆ ਗਿਆ ਸੀ।
ਇਸ ਦੇ ਨਾਲ ਹੀ, ਪਿੰਡ ਜੱਬੋਵਾਲ ਦੇ ਸਰਪੰਚ ਦਵਿੰਦਰ ਸਿੰਘ ਨੇ ਦੱਸਿਆ ਕਿ ਸ਼ਹੀਦ ਜੁਗਰਾਜ ਸਿੰਘ ਬੇਹਦ ਨਿੱਘੇ ਸੁਭਾਅ ਦੇ ਮਾਲਕ ਸਨ ਅਤੇ ਹਮੇਸ਼ਾ ਪਿੰਡ ਦੇ ਹਰ ਇੱਕ ਪਰਿਵਾਰ ਦੇ ਨਾਲ ਪਿਆਰ ਰੱਖਦੇ ਸਨ।
ਆਪ ਆਗੂ ਵੀ ਅੰਤਿਮ ਵਿਦਾਈ ਵਿੱਚ ਹੋਏ ਸ਼ਾਮਿਲ
ਇਸ ਦੌਰਾਨ ਕੈਬਿਨਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਭਰਾ ਨਾਲ ਆਈ ਆਪ ਦੀ ਟੀਮ ਵੱਲੋਂ ਅਤੇ ਪਿੰਡ ਜੱਬੋਵਾਲ ਦੀ ਪੰਚਾਇਤ ਵੱਲੋਂ ਪਰਿਵਾਰ ਦੇ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਨ ਦੇ ਨਾਲ ਨਾਲ ਆਪਣੇ ਸ਼ਹੀਦ ਜਵਾਨ ਦੀ ਸ਼ਹਾਦਤ ਉੱਤੇ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੂਹ ਇਲਾਕਾ ਸ਼ਹੀਦ ਪਰਿਵਾਰ ਦੇ ਨਾਲ ਖੜਾ ਹੈ।
ਮੰਤਰੀ ਹਰਭਜਨ ਸਿੰਘ ਈਟੀਓ ਕਿਤੇ ਬਾਹਰ ਹੋਣ ਕਰਕੇ, ਹਾਜ਼ਰੀ ਨਹੀ ਲਗਵਾ ਸਕੇ, ਪਰ ਉਨ੍ਹਾਂ ਨੇ ਆਪਣੇ ਆਪ ਆਗੂਆਂ ਤੋਂ ਸ਼ਹੀਦ ਦੇ ਪਰਿਵਾਰ ਲਈ ਸੁਨੇਹਾ ਭੇਜਿਆ ਤੇ ਕਿਹਾ ਕਿ ਉਹ ਪਰਿਵਾਰ ਨਾਲ ਹਮੇਸ਼ਾ ਖੜ੍ਹੇ ਹਨ।