ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੀ ਸੂਬਾ ਪੱਧਰੀ ਮੀਟਿੰਗ ਬੂਟਾ ਸਿੰਘ ਬੁਰਜਗਿੱਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸੂਬੇ ਦੇ ਅਹੁਦੇਦਾਰਾਂ ਤੋਂ ਇਲਾਵਾ ਸਮੁੱਚੇ ਪੰਜਾਬ ਦੇ ਜ਼ਿਲਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਆਗੂਆਂ ਨੇ ਸ਼ਮੂਲੀਅਤ ਕੀਤੀ। ਬੀਕੇਯੂ ਏਕਤਾ ਡਕੌਂਦਾ ਦੇ ਬਾਨੀ ਸੂਬਾ ਪ੍ਰਧਾਨ ਮਰਹੂਮ ਬਲਕਾਰ ਸਿੰਘ ਡਕੌਂਦਾ ਨੂੰ ਉਨ੍ਹਾਂ ਦੀ 11 ਵੀ ਬਰਸੀ ਮੌਕੇ ਦੋ ਮਿੰਟ ਦਾ ਮੋਨ ਧਾਰਕੇ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਨ੍ਹਾਂ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਦਾ ਅਹਿਦ ਕੀਤਾ।
ਮੀਟਿੰਗ ਦੇ ਅਹਿਮ ਫੈਸਲਿਆਂ ਸਬੰਧੀ ਸੂਬਾ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਲੀ ਦੇ ਬਾਰਡਰਾਂ ਸਮੇਤ ਪੰਜਾਬ ਦੇ ਵੱਖ ਵੱਖ ਥਾਵਾਂ 'ਤੇ ਸੰਯੁਕਤ ਕਿਸਾਨ ਮੋਰਚਾ ਦੀ ਆਗਵਾਈ ਹੇਠ ਚੱਲ ਰਹੇ ਕਿਸਾਨ ਅੰਦੋਲਨ ਪ੍ਰਤੀ ਗੰਭੀਰ ਚਰਚਾ ਹੋਈ। 26 ਜੂਨ ਐਮਰਜੈਂਸੀ ਵਿਰੋਧੀ ਦਿਵਸ ਅਤੇ 8 ਜੁਲਾਈ ਨੂੰ ਮਹਿੰਗਾਈ ਵਿਰੋਧੀ ਸੱਦੇ ਸਬੰਧੀ ਸਮੁੱਚੇ ਪੰਜਾਬ ਅੰਦਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਕੀਤੀ ਸ਼ਮੂਲੀਅਤ ਅਤੇ ਲੋਕਾਂ ਵੱਲੋਂ ਮਿਲੇ ਹੁੰਗਾਰੇ ਪ੍ਰਤੀ ਗੰਭੀਰ ਚਰਚਾ ਹੋਈ।
ਇਹਨਾਂ ਦੋਵਾਂ ਸੱਦਿਆਂ ਨੂੰ ਕਿਸਾਨਾਂ-ਮਜਦੂਰਾਂ ਸਮੇਤ ਸਮੁੱਚੀ ਲੋਕਾਈ ਵੱਲੋਂ ਮਿਲੇ ਹੁੰਗਾਰੇ ਨੂੰ ਉਤਸ਼ਾਹਜਨਕ ਵਰਤਾਰੇ ਵਜੋਂ ਨੋਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੀਟਿੰਗ ਚ ਫੈਸਲਾ ਕੀਤਾ ਕਿ 19 ਜੁਲਾਈ ਤੋਂ ਸ਼ੁਰੂ ਹੋ ਰਹੇ ਮੌਨਸੂਨ ਸ਼ੈਸ਼ਨ ਦੌਰਾਨ ਕਿਸਾਨ ਕਿਸਾਨਾਂ ਦੇ ਨਾਲ ਔਰਤਾਂ ਦੇ ਕਾਫਲੇ ਵੱਡੀ ਗਿਣਤੀ ਵਿੱਚ ਦਿੱਲੀ ਬਾਰਡਰਾਂ ਵੱਲ ਰਵਾਨਾ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ 22 ਜੁਲਾਈ ਨੂੰ ਬਰਨਾਲਾ, 23 ਜੁਲਾਈ ਬਠਿੰਡਾ, 24 ਜੁਲਾਈ ਮੁਕਤਸਰ, 26 ਜੁਲਾਈ ਫਿਰੋਜਪੁਰ ਔਰਤਾਂ ਦਾ ਜਥਾ, 27 ਜੁਲਾਈ ਸੰਗਰੂਰ, 28 ਜੁਲਾਈ ਪਟਿਆਲਾ, 29 ਜੁਲਾਈ ਫਰੀਦਕੋਟ, 30 ਜੁਲਾਈ ਲੁਧਿਆਣਾ, 31 ਜੁਲਾਈ ਨੂੰ ਮੋਗਾ ਜ਼ਿਲ੍ਹਿਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਨਾਲ ਹੀ ਉਨ੍ਹਾਂ ਕਿਹਾ ਕਿ 18 ਜੁਲਾਈ ਨੂੰ ਬੀਕੇਯੂ ਏਕਤਾ ਡਕੌਂਦਾ ਦੇ ਨੌਜਵਾਨ ਕਿਸਾਨ ਆਗੂਆਂ ਦੀ ਵੱਡੀ ਸੂਬਾਈ ਕਨਵੈਂਨਸ਼ਨ ਤਰਕਸ਼ੀਲ ਭਵਨ ਬਰਨਾਲਾ ਵਿਖੇ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ। ਇਹ ਕਨਵੈਂਨਸ਼ਨ ਵਿਦਿਆਰਥੀ ਲਹਿਰ ਦੇ ਸਿਰਮੌਰ ਆਗੂ ਸ਼ਹੀਦ ਪ੍ਰਿਥੀਪਾਲ ਰੰਧਾਵਾ ਨੂੰ ਸਮਰਪਿਤ ਹੋਵੇਗੀ।
ਇਹ ਵੀ ਪੜ੍ਹੋ:100 ਤੋਂ ਵੱਧ ਕਿਸਾਨਾਂ ਖ਼ਿਲਾਫ਼ ਦੇਸ਼ ਧ੍ਰੋਹ ਦਾ ਮਾਮਲਾ ਦਰਜ