ਬਰਨਾਲਾ: ਸਰਕਾਰਾਂ ਦੇ ਨਾਲ-ਨਾਲ ਹੁਣ ਰੱਬ ਵੀ ਅੰਨਦਾਤਾ ਦਾ ਵੈਰੀ ਬਣਦਾ ਜਾ ਰਿਹਾ ਹੈ। ਬੀਤੀ ਰਾਤ ਪਏ ਹਲਕੇ ਮੀਂਹ ਅਤੇ ਤੇਜ਼ ਹਨੇਰੀ ਨੇ ਅੰਨਦਾਤੇ ਦੇ ਸਾਹ ਸੂਤ ਦਿੱਤੇ ਹਨ। ਮੀਂਹ ਨਾਲ ਹਨੇਰੀ ਹੋਣ ਕਾਰਨ ਕਣਕ ਦੀ ਫ਼ਸਲ ਨੂੰ ਵੱਡਾ ਨੁਕਸਾਨ ਹੋਇਆ ਹੈ। ਕਣਕ ਦੀ ਫ਼ਸਲ ਬੁਰੀ ਤਰ੍ਹਾਂ ਨਾਲ ਧਰਤੀ ’ਤੇ ਵਿਛ ਗਈ ਹੈ। ਬਰਨਾਲਾ ਜ਼ਿਲ੍ਹੇ ਵਿੱਚ ਲਗਾਤਾਰ ਦੋ ਦਿਨਾਂ ਤੋਂ ਚੱਲ ਰਹੀ ਬੱਦਲਵਾਈ ਨੇ ਅਜੇ ਵੀ ਕਿਸਾਨਾਂ ਦੀ ਚਿੰਤਾ ਵਧਾ ਰੱਖੀ ਹੈ।
ਪਿੰਡ ਚੀਮਾ ਦੇ ਕਿਸਾਨ ਹਰਦੇਵ ਸਿੰਘ ਨੇ ਦੱਸਿਆ ਕਿ ਉਸ ਨੇ ਠੇਕੇ ’ਤੇ ਜ਼ਮੀਨ ਲੈ ਕੇ 10 ਏਕੜ ’ਚ ਕਣਕ ਬੀਜੀ ਹੈ ਪਰ ਰਾਤ ਸਮੇਂ ਤੇਜ਼ ਹਵਾ ਅਤੇ ਮੀਂਹ ਕਾਰਨ ਕਣਕ ਦੀ ਫ਼ਸਲ ਹੇਠਾਂ ਡਿੱਗ ਪਈ ਹੈ ਜਿਸ ਕਰਕੇ ਕਣਕ ਦੇ ਝਾੜ ਉਤੇ ਅਸਰ ਹੋਣਾ ਸੁਭਾਵਿਕ ਹੈ ਤੇ ਤੂੜੀ ਵੀ ਘੱਟ ਨਿਕਲੇਗੀ।
ਕਿਸਾਨ ਮਲਕੀਤ ਸਿੰਘ ਨੇ ਕਿਹਾ ਕਿ ਸਰਕਾਰ ਦੇ ਨਾਲ ਨਾਲ ਰੱਬ ਵੀ ਕਿਸਾਨਾਂ ਨਾਲ ਧੱਕਾ ਕਰ ਰਿਹਾ ਹੈ। ਤੇਜ਼ ਹਨੇਰੀ ਨਾਲ ਫ਼ਸਲ ਦਾ ਵੱਡਾ ਨੁਕਸਾਨ ਹੋਇਆ ਹੈ।
ਭਾਕਿਯੂ ਉਗਰਾਹਾਂ ਦੇ ਆਗੂ ਸੰਦੀਪ ਸਿੰਘ ਨੇ ਕਿਹਾ ਕਿ ਕਿਸਾਨ ਲੰਬੇ ਸਮੇਂ ਤੋਂ ਫ਼ਸਲਾਂ ਦੇ ਬੀਮੇ ਦੀ ਮੰਗ ਕਰ ਰਹੇ ਹਨ ਪਰ ਅਜੇ ਤੱਕ ਸਰਕਾਰਾਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਬੀਤੀ ਰਾਤ ਤੇਜ਼ ਹਨੇਰੀ ਅਤੇ ਮੀਂਹ ਨਾਲ ਹੋਣ ਵਾਲੇ ਨੁਕਸਾਨ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ।