ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਪਿੰਡ ਗਹਿਲ ਦੇ ਪੰਜ ਸਾਲ ਦੇ ਗੁਰਜੋਤ ਸਿੰਘ ਦੇ ਪਰਿਵਾਰ ਨੇ ਉਸਦੇ ਦੇ ਚਾਰ ਅੰਗ ਦਾਨ ਕਰਕੇ ਤਿੰਨ ਲੋਕਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ।ਇੱਕ ਮਜ਼ਦੂਰ ਪਰਿਵਾਰ ਨਾਲ ਸਬੰਧਤ ਪਰਿਵਾਰ ਦੇ ਇਸ ਫ਼ੈਸਲੇ ਦੀ ਹਰ ਜਗ੍ਹਾ ਪ੍ਰਸੰਸ਼ਾ ਹੋ ਰਹੀ ਹੈ। ਪਰਿਵਾਰ ਦਾ ਬੱਚਾ ਗੁਰਜੋਤ ਘਰ ਦੀ ਛੱਤ ਤੋਂ ਡਿੱਗ ਕੇ ਬੇਹੋਸ਼ ਹੋ ਗਿਆ ਸੀ। ਜਿਸਤੋਂ ਬਾਅਦ ਉਸਨੂੰ ਪਹਿਲਾਂ ਬਰਨਾਲਾ ਦੇ ਸਰਕਾਰੀ ਹਸਪਤਾਲ ਅਤੇ ਬਾਅਦ ਵਿੱਚ ਪੀਜੀਆਈ ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ ਸੀ।
ਜਿੱਥੇ ਉਸਦੀ ਇਲਾਜ਼ ਦੌਰਾਨ ਮੌਤ ਹੋ ਗਈ। ਡਾਕਟਰਾਂ ਨੇ ਅੰਗ ਦਾਨ ਕਰਕੇ ਹੋਰਨਾ ਬੱਚਿਆ ਦੀ ਜਾਨ ਬਚਾਉਣ ਦੀ ਗੁਰਜੋਤ ਦੇ ਪਰਿਵਾਰ ਨੂੰ ਸਲਾਹ ਦਿੱਤੀ ਸੀ।ਪਰਿਵਾਰ ਨੇ ਡਾਕਟਰਾਂ ਦੀ ਸਲਾਹ ਮੰਨ ਕੇ ਬੱਚੇ ਦੇ ਗੁਰਦੇ, ਜਿਗਰ ਅਤੇ ਪੈਨਕ੍ਰੀਅਸ ਅੰਗ ਦਾਨ ਕਰਕੇ ਤਿੰਨ ਬੱਚਿਆਂ ਦੀ ਜਾਨ ਬਚਾਈ ਹੈ। ਗੁਰਜੋਤ ਦੇ ਪਰਿਵਾਰ ਨੂੰ ਆਪਣੇ ਇਸ ਫ਼ੈਸਲੇ ਤੇ ਸੰਤੁਸ਼ਟੀ ਹੈ।
ਇਸ ਸਬੰਧੀ ਉਸਦੇ ਪਿਤਾ ਨੇ ਦੱਸਿਆ ਕਿ ਉਸਦਾ ਪੁੱਤਰ 2 ਅਪ੍ਰੈਲ ਨੂੰ ਘਰ ਦੀ ਛੱਤ ਤੋਂ ਡਿੱਗ ਪਿਆ ਅਤੇ ਬੇਹੋਸ਼ ਹੋ ਗਿਆ। ਜਿਸਤੋਂ ਬਾਅਦ ਅਸੀਂ ਬੱਚੇ ਨੂੰ ਪਹਿਲਾਂ ਸਰਕਾਰੀ ਹਸਪਤਾਲ ਬਰਨਾਲਾ ਅਤੇ ਬਾਅਦ ਵਿੱਚ ਪੀਜੀਆਈ ਚੰਡੀਗੜ੍ਹ ਲੈ ਕੇ ਗਏ। ਜਿੱਥੇ ਡਾਕਟਰਾਂ ਦੀਆਂ ਲੱਖ ਕੋਸਿ਼ਸ਼ਾਂ ਦੇ ਬਾਵਜੂਦ ਉਸਦਾ ਪੁੱਤ ਬਚ ਨਹੀਂ ਸਕਿਆ ਅਤੇ ਬੱਚੇ ਦੀ ਮੌਤ ਹੋ ਗਈ।
ਉਸ ਸਮੇਂ ਉਹਨਾਂ ਨੂੰ ਕਿਸੇ ਨੇ ਸਲਾਹ ਦਿੱਤੀ ਕਿ ਤੁਸੀਂ ਆਪਣੇ ਬੱਚੇ ਨੂੰ ਕਿਸੇ ਹੋਰ ਬੱਚੇ ਵਿੱਚ ਜਿਉਂਦਾ ਰੱਖ ਸਕਦੇ ਹੋਂ। ਇਸਤੋਂ ਬਾਅਦ ਅਸੀਂ ਬੱਚੇ ਦੇ ਅੰਗ ਦਾਨ ਕਰਨ ਦਾ ਮਨ ਬਣਾਇਆ। ਇਸ ਨਾਲ ਬੱਚੇ ਦੇ ਅੰਗ ਦਾਨ ਕਰਕੇ ਹੋਰਾਂ ਬੱਚਿਆਂ ਦੀ ਜਾਨ ਬਚਾਉਣ ਲਈ ਫ਼ੈਸਲਾ ਲਿਆ। ਉਹਨਾਂ ਦੱਸਿਆ ਕਿ ਮੈਂ ਸਿਰਫ਼ 5 ਪੰਜਵੀਂ ਪਾਸ ਹਾਂ ਅਤੇ ਇੱਕ ਦੁਕਾਨ ਤੇ ਕੰਮ ਕਰਦਾ ਹਾਂ। ਮੇਰੇ ਇੱਕ ਹੋਰ ਬੱਚੀ ਵੀ ਹੈ।
ਉਥੇ ਇਸ ਮੌਥੇ ਗੁਰਜੋਤ ਦੇ ਦਾਦਾ ਕੇਵਲ ਸਿੰਘ ਨੇ ਕਿਹਾ ਕਿ ਮੇਰੇ ਬੱਚੇ ਦੀ ਮੌਤ ਸਮੇਂ ਮੇਰੇ ਬੇਟੇ ਹਰਦੀਪ ਸਿੰਘ ਨੇ ਸਲਾਹ ਕੀਤੀ ਕਿ ਬੱਚੇ ਦੇ ਅੰਗ ਦਾਨ ਕਰਕੇ ਹੋਰਾਂ ਦੀ ਜਾਨ ਬਚਾਈ ਜਾ ਸਕਦੀ ਹੈ। ਜਿਸ ਕਰਕੇ ਅਸੀਂ ਕਰੜੇ ਮਨ ਨਾਲ ਇਹ ਫ਼ੈਸਲਾ ਲੈ ਕੇ ਆਪਣੇ ਬੱਚੇ ਦੇ ਅੰਗ ਦਾਨ ਕੀਤੇ, ਜਿਸ ਨਾਲ ਹੋਰਨਾ ਬੱਚਿਆਂ ਦੀ ਜਾਨ ਬਚ ਸਕੀ ਹੈ।
ਇਹ ਵੀ ਪੜ੍ਹੋ:- ਕੋਰੋਨਾ ਮਹਾਂਮਾਰੀ ਤੋਂ ਬਾਅਦ ਵਿਦਿਆਰਥੀਆਂ ਨੂੰ ਆ ਰਹੀਆਂ ਨੇ ਇਹ ਮੁਸ਼ਿਕਲਾਂ