ਬਰਨਾਲਾ : ਪੰਜਾਬ ਵਿੱਚ "ਆਮ ਆਦਮੀ ਪਾਰਟੀ" ਦੀ ਸਰਕਾਰ ਅਤੇ ਬਿਜਲੀ ਵਿਭਾਗ ਵੱਲੋਂ ਬਿਜਲੀ ਸੰਕਟ ਨੂੰ ਦੂਰ ਕਰਨ ਲਈ ਪੰਜਾਬ ਦੇ ਪਿੰਡਾਂ ਵਿੱਚ ਕੁੰਡੀ ਹਟਾਉ ਮੁਹਿੰਮ ਚਲਾਈ ਗਈ ਹੈ। ਜਿਸ ਤਹਿਤ ਪਿੰਡਾਂ ਵਿੱਚ ਲੋਕਾਂ ਦੇ ਘਰਾਂ ਵਿੱਚ ਰੋਜ਼ਾਨਾ ਬਿਜਲੀ ਵਿਭਾਗ ਦੀਆਂ ਟੀਮਾਂ ਵਲੋਂ ਛਾਪੇਮਾਰੀ ਕਰਕੇ ਕੁੰਡੀਆਂ ਫ਼ੜੀਆਂ ਜਾ ਰਹੀਆਂ ਹਨ।
ਦੂਜੇ ਪਾਸੇ ਕਿਸਾਨ ਜਥੇਬੰਦੀਆਂ ਅਤੇ ਲੋਕਾਂ ਵਲੋਂ ਕੁੰਡੀਆਂ ਫ਼ੜਨ ਆਉਣ ਵਾਲੀਆਂ ਬਿਜਲੀ ਟੀਮਾਂ ਦਾ ਘਿਰਾਉ ਕੀਤਾ ਜਾ ਰਿਹਾ ਹੈ। ਜਿਸ ਕਰਕੇ ਪੰਜਾਬ ਵਿੱਚ ਬਿਜਲੀ ਮੁਲਾਜ਼ਮ ਜੱਥੇਬੰਦੀਆਂ ਅਤੇ ਕਿਸਾਨ ਜੱਥੇਬੰਦੀਆਂ ਆਹਮੋ ਸਾਹਮਣੇ ਹੋ ਰਹੀਆਂ ਹਨ। ਇਸ ਮਸਲੇ ਉਪਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਵੱਖਰੀ ਰਾਇ ਰੱਖੀ ਗਈ ਹੈ। ਜਥੇਬੰਦੀ ਨੇ ਬਿਜਲੀ ਕੁੰਡੀ ਦੀ ਚੋਰੀ ਲਈ ਮਹਿੰਗੀ ਬਿਜਲੀ ਨੂੰ ਜ਼ਿੰਮੇਵਾਰ ਦੱਸਿਆ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਬਿਜਲੀ ਚੋਰੀ ਕਰਨ ਜਾਂ ਬਿਜਲੀ ਕੁੰਡੀ ਲਾਉਣ ਲਈ ਉਹ ਕਦੇ ਵੀ ਕਿਸੇ ਨੂੰ ਨਹੀਂ ਕਹਿੰਦੇ, ਬਲਕਿ ਇਸ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਬਿਜਲੀ ਚੋਰੀ ਕੀਤੀ ਕਿਉਂ ਜਾ ਰਹੀ ਹੈ। ਪੰਜਾਬ ਵਿੱਚ ਬਿਜਲੀ ਯੂਨਿਟ ਦੇ ਰੇਟ ਬਹੁਤ ਜ਼ਿਆਦਾ ਹਨ। ਜਿਸ ਕਰਕੇ ਇਸਦੀ ਦਰ ਘਟਾਉਣ ਦੀ ਲੋੜ ਹੈ। ਬਿਜਲੀ ਨਾਲ ਹਰ ਵਰਗ ਜੁੜਿਆ ਹੋਇਆ ਹੈ। ਮਹਿੰਗਾਈ ਦੀ ਮਾਰ ਕਾਰਨ ਹਰ ਵਰਗ ਮਾੜੇ ਹਾਲਾਤਾਂ ਨਾਲ ਜੂਝ ਰਿਹਾ ਹੈ।
ਜਿਸ ਕਰਕੇ ਉਹ ਮਹਿੰਗੀ ਬਿਜਲੀ ਨਹੀਂ ਖ਼ਰੀਦ ਸਕਦਾ। ਇਸ ਕਾਰਨ ਹੀ ਬਿਜਲੀ ਚੋਰੀ ਜਾਂ ਕੁੰਡੀ ਲਾਉਣ ਦੀ ਨੌਬਤ ਆਉਂਦੀ ਹੈ। ਬਿਜਲੀ ਅੱਜ ਦੀ ਘੜੀ ਇੱਕ ਬੁਨਿਆਦੀ ਲੋੜ ਬਣ ਗਈ ਹੈ। ਪਾਣੀ ਅਤੇ ਹਵਾ ਦੀ ਸਹੂਲਤ ਲੈਣ ਲਈ ਵੀ ਬਿਜਲੀ ਤੇ ਨਿਰਭਰ ਰਹਿਣਾ ਪੈਂਦਾ ਹੈ। ਇਸ ਕਰਕੇ ਇਸਦੀ ਯੂਨਿਟ ਦਾ ਰੇਟ ਘੱਟ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ 300 ਜਾਂ 600 ਯੂਨਿਟ ਸਸਤੀ ਦੀ ਮੰਗ ਕਿਸੇ ਵਿਅਕਤੀ ਨੇ ਨਹੀਂ ਕੀਤੀ ਸੀ। ਇਸਦੀ ਥਾਂ ਸਰਕਾਰ ਹਰ ਘਰ ਦੀ ਆਰਥਿਕ ਹਾਲਤ ਦੇ ਹਿਸਾਬ ਨਾਲ ਬਿਜਲੀ ਦੇ ਰੇਟ ਵਸੂਲੇ। ਇਸ ਲਈ ਬਿਜਲੀ ਦੇ ਰੇਟ 2 ਤੋਂ 3 ਰੁਪਏ ਤੱਕ ਕੀਤੇ ਜਾਣੇ ਚਾਹੀਦੇ ਹਨ। ਉਥੇ ਕਿਸਾਨ ਆਗੂ ਨੇ ਕਿਹਾ ਕਿ ਆਮ ਲੋਕਾਂ ਦੀ ਬਿਜਾਏ ਕਾਰਪੋਰੇਟ ਘਰਾਣੇ, ਫ਼ੈਕਟਰੀਆਂ ਵਾਲੇ ਅਤੇ ਅਫ਼ਸਰਸ਼ਾਹੀ ਸਭ ਤੋਂ ਵੱਧ ਬਿਜਲੀ ਚੋਰੀ ਕਰ ਰਹੇ ਹਨ। ਸਰਕਾਰ ਨੂੰ ਸਭ ਤੋਂ ਪਹਿਲਾਂ ਇਸ ਪਾਸੇ ਤੋਂ ਬਿਜਲੀ ਚੋਰੀ ਬੰਦ ਕਰਵਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਸੁਰੱਖਿਆ 'ਚ ਕੁਤਾਹੀ,ਬੈਰਕ 'ਚ ਨਸ਼ਾ ਤਸਕਰ ਵੀ ਸੀ ਬੰਦ