ਬਰਨਾਲਾ: ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਐਤਵਾਰ ਜ਼ਿਲ੍ਹਾ ਬਰਨਾਲਾ ਅੰਦਰ ਕਰੋੜਾਂ ਦੇ ਨਹਿਰੀ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਿੰਜਾਈ ਪ੍ਰਾਜੈਕਟਾਂ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਵਚਨਬੱਧ ਹੈ।
ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ: ਕੈਬਨਿਟ ਮੰਤਰੀ ਮੀਤ ਹੇਅਰ ਨੇ ਪਿੰਡ ਕੋਠੇ ਰਾਜਿੰਦਰ ਪੁਰਾ ਵਿਖੇ ਜ਼ਮੀਨਦੋਜ ਪਾਈਪਲਾਈਨ ਵਿਛਾਉਣ ਦੇ ਕੰਮ ਅਤੇ ਖ਼ਾਲ ਪੱਕੇ ਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਲਾਗਤ ਕਰੀਬ 43 ਲੱਖ ਰੁਪਏ ਹੈ। ਇਸ ਦੇ ਮੁਕੰਮਲ ਹੋਣ ਨਾਲ 174 ਹੈਕਟੇਅਰ ਰਕਬੇ ਨੂੰ ਖੇਤੀ ਲਈ ਨਹਿਰੀ ਪਾਣੀ ਮਿਲੇਗਾ। ਇਸ 2511 ਮੀਟਰ ਲੰਬੇ ਪਾਈਪਲਾਈਨ ਨੈਟਵਰਕ ਦੀ ਲਾਈਨਿੰਗ ਕਰਨ ਨਾਲ ਟੇਲਾਂ 'ਤੇ ਪਾਣੀ ਨਾਲ ਇਨ੍ਹਾਂ ਪਿੰਡਾਂ ਨੂੰ ਵੱਡੀ ਸਹੂਲਤ ਦਿੱਤੀ ਗਈ ਹੈ।
ਇਕ ਹੋਰ ਜਲ ਸਰੋਤ ਪ੍ਰਾਜੈਕਟ ਦਾ ਉਦਘਾਟਨ: ਇਸ ਮਗਰੋਂ ਜਲ ਸਰੋਤ ਮੰਤਰੀ ਵੱਲੋਂ ਪਿੰਡ ਉੱਪਲੀ ਨੇੜੇ ਦਾਨਗੜ੍ਹ ਮਾਈਨਰ ਦੇ 85 ਲੱਖ ਦੀ ਲਾਗਤ ਵਾਲੇ ਪ੍ਰਾਜੈਕਟ (7.70 ਕਿਲੋਮੀਟਰ ਲਾਈਨਿੰਗ) ਦਾ ਉਦਘਾਟਨ ਕੀਤਾ ਗਿਆ। ਜਿਸ ਦੀ 20 ਫੀਸਦੀ ਸਮਰੱਥਾ ਵਧਾਉਣ ਦੇ ਨਾਲ ਨਾਲ ਕੰਕਰੀਟ ਲਾਈਨਿੰਗ ਕੀਤੀ ਗਈ ਹੈ। ਇਸ ਮੌਕੇ ਸ੍ਰੀ ਮੀਤ ਹੇਅਰ ਨੇ ਆਖਿਆ ਕਿ ਇਸ ਪ੍ਰਾਜੈਕਟ ਨਾਲ ਪਿੰਡ ਕੱਟੂ, ਦਾਨਗੜ੍ਹ, ਉਪਲੀ ਤੇ ਧਨੌਲਾ ਆਦਿ ਪਿੰਡਾਂ ਨੂੰ ਨਹਿਰੀ ਪਾਣੀ ਮੁਹੱਈਆ ਹੋਵੇਗਾ। ਇਸ ਮਾਈਨਰ ਦੀ 7.70 ਤੋਂ 8.43 ਕਿਊਸਕ ਪਾਣੀ ਦੀ ਸਮਰੱਥਾ ਹੈ, ਜੋ ਕਰੀਬ 2800 ਏਕੜ ਰਕਬੇ ਨੂੰ ਸਿੰਜੇਗਾ।
ਨਵੀਨੀਕਰਨ ਪ੍ਰਾਜੈਕਟ ਦਾ ਉਦਘਾਟਨ: ਉਨ੍ਹਾਂ ਐਤਵਾਰ ਪਿੰਡ ਹਰੀਗੜ੍ਹ ਨੇੜੇ ਧਨੌਲਾ-ਬਡਬਰ ਮੁੱਖ ਸੜਕ ’ਤੇ ਜੋਗਾ ਡਿਸਟ੍ਰੀਬਿਊਟਰੀ ਦੇ 26.91 ਕਰੋੜ ਦੇ ਨਵੀਨੀਕਰਨ ਪ੍ਰਾਜੈਕਟ ਦਾ ਉਦਘਾਟਨ ਕੀਤਾ। ਜਿਸ ਦੀ 4.75 ਕਿਲੋਮੀਟਰ ਕੰਕਰੀਟ ਲਾਈਨਿੰਗ ਦਾ ਕੰਮ ਮੁਕੰਮਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਡਿਸਟ੍ਰੀਬਿਊਟਰੀ ਦੀ ਸਮਰੱਥਾ 301.32 ਕਿਊਕਿ ਤੋਂ 327.74 ਕਿਊਸਕ ਦੀ ਹੈ। ਜਿਸ ਨਾਲ ਕਰੀਬ 108000 ਏਕੜ ਰਕਬੇ ਨੂੰ ਨਹਿਰੀ ਪਾਣੀ ਮੁਹੱਈਆ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਡਿਸਟ੍ਰੀਬਿਊਟਰੀ ਨਾਲ ਜ਼ਿਲ੍ਹੇ ਦੇ ਪਿੰਡ ਹਰੀਗੜ੍ਹ, ਅਤਰ ਸਿੰਘ ਵਾਲਾ, ਧਨੌਲਾ ਕਲਾਂ , ਭੂਰੇ, ਕੁੱਬੇ, ਅਸਪਾਲ ਕਲਾਂ, ਅਸਪਾਲ ਖੁਰਦ, ਬਦਰਾ, ਭੈਣੀ ਫੱਤਾ ਤੇ ਧੂਰਕੋਟ ਆਦਿ ਪਿੰਡਾਂ ਨੂੰ ਵੱਡਾ ਫਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਜਿੱਥੇ ਕੰਕਰੀਟ ਲਾਈਨਿੰਗ ਨਾਲ ਸੀਪੇਜ ਘਟਣ ਨਾਲ ਪਿੰਡਾਂ ਨੂੰ ਵੱਧ ਪਾਣੀ ਸਿੰਜਾਈ ਲਈ ਮਿਲੇਗਾ। ਉਥੇ ਇਸ ਡਿਸਟ੍ਰੀਬਿਊਟਰੀ ਦੀ 20 ਫੀਸਦੀ ਸਮਰੱਥਾ ਵੀ ਵਧਾਈ ਗਈ ਹੈ।
ਸਿੰਜਾਈ ਲਈ ਨਹਿਰੀ ਪਾਣੀ ਦੀ ਸਹੂਲਤ: ਇਸ ਮਗਰੋਂ ਜਲ ਸਰੋਤ ਮੰਤਰੀ ਮੀਤ ਹੇਅਰ ਵੱਲੋਂ ਪਿੰਡ ਭੂਰੇ ਵਿਖੇ ਨਹਿਰੀ ਮੋਘੇ ਦਾ ਉਦਘਾਟਨ ਕੀਤਾ ਗਿਆ। ਜਿਸ ਨਾਲ 1104 ਏਕੜ ਰਕਬੇ ਨੂੰ ਸਿੰਜਾਈ ਲਈ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ। ਇਹ ਮੋਗਾ ਭੂਰੇ ਪਿੰਡ ਦੇ ਖੇਤਾਂ 'ਚ ਸਿੰਜਾਈ ਲਈ ਪਾਣੀ ਪਹੁੰਚਾਉਣ ਦਾ ਕੰਮ ਕਰੇਗਾ।
ਉਦਘਾਟਨ ਸਮੇਂ ਮੌਜੂਦ ਲੋਕ: ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ, ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਨਿਯੁਕਤ ਗੁਰਦੀਪ ਸਿੰਘ ਬਾਠ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਨਿਯੁਕਤ ਰਾਮ ਤੀਰਥ ਮੰਨਾ, ਪੀਜੀਓ ਸੁਖਪਾਲ ਸਿੰਘ, ਓ. ਐੱਸ. ਡੀ ਹਸਨਪ੍ਰੀਤ, ਵੱਖ ਵੱਖ ਵਿਭਾਗਾਂ ਦੇ ਮੁਖੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਇਹ ਵੀ ਪੜ੍ਹੋ:- ...ਜਦੋਂ ਮੋਮੋਸ ਵਾਲੇ ਦੇ ਬੋਰੇ 'ਚੋਂ ਪੁਲਿਸ ਨੂੰ ਬਰਾਮਦ ਹੋਏ ਲੱਖਾਂ ਰੁਪਏ !