ਬਰਨਾਲਾ: ਤਪਾ ਮੰਡੀ ਨੇੜੇ ਦੇਰ ਰਾਤ ਸਰ੍ਹੋਂ ਦੇ ਤੇਲ ਅਤੇ ਘਿਓ ਦੀ ਫ਼ੈਕਟਰੀ 'ਚ ਅਚਾਨਕ ਹੀ ਅੱਗ ਲੱਗ ਗਈ। ਇਸ ਕਾਰਨ ਲੱਖਾਂ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਫ਼ੈਕਟਰੀ ਦੇ ਮਾਲਕ ਨੇ ਦੱਸਿਆ ਕਿ ਹਰ ਰੋਜ਼ ਵਾਂਗ ਹੀ ਉਹ ਸ਼ਾਮ ਨੂੰ ਘਰ ਚਲੇ ਗਏ ਅਤੇ ਬਾਅਦ ਵਿੱਚ ਚੌਂਕੀਦਾਰ ਨੇ ਫ਼ੋਨ ਕਰਕੇ ਅੱਗ ਲੱਗਣ ਦੀ ਘਟਣਾ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਤਪਾ ਮੰਡੀ ਦੇ ਥਾਣਾ ਅਤੇ ਅੱਗ ਬੁਝਾਉ ਦਸਤੇ ਨੂੰ ਸੂਚਨਾ ਦਿੱਤੀ ਗਈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਿਸ ਅਤੇ ਅੱਗ ਬਝਾਉ ਗੱਡੀਆਂ ਰਾਹਤ ਕਾਰਜ ਵਿੱਚ ਜੁਟ ਗਈਆਂ। ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਚੌਂਕੀਦਾਰ ਤੋਂ ਧੱਕੇ ਨਾਲ ਗੇਟ ਖੁਲਵਾ ਕੇ ਅੰਦਰ ਖੜ੍ਹੀ ਮਸ਼ੀਨਰੀ ਨੂੰ ਬਾਹਰ ਕੱਢਿਆ ਤਾਂ ਜੋ ਹੋਰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਅੱਗ ਲੱਗਣ ਦਾ ਕਾਰਨ ਬਿਜਲੀ ਦੀ ਸਪਾਰਕਿੰਗ ਦੱਸਿਆ ਜਾ ਰਿਹਾ ਹੈ।