ਬਰਨਾਲਾ: ਭਦੌੜ ਦੇ ਨੇੜੇ ਪੈਂਦੇ ਪਿੰਡ ਰਾਮਗੜ੍ਹ ਵਿਖੇ ਹਾਈਵੇ ਉੱਤੇ ਮੋਟਰ-ਸਾਈਕਲ ਅਤੇ ਟਰੱਕ ਦੀ ਟੱਕਰ ਦਾ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਇੱਕ ਪਿਓ-ਧੀ ਦੀ ਮੌਤ ਹੋ ਗਈ, ਜਦਕਿ ਬੱਚੀ ਗੰਭੀਰ ਦੱਸੀ ਜਾ ਰਹੀ ਹੈ।
ਇਸ ਸਬੰਧੀ ਟੱਲੇਵਾਲ ਥਾਣਾ ਦੀ ਐਸ.ਐਚ.ਓ ਅਮਨਦੀਪ ਕੌਰ ਨੇ ਦੱਸਿਆ ਕਿ ਉਹ ਨੂੰ ਜਾਣਕਾਰੀ ਮਿਲੀ ਸੀ ਕਿ ਬਰਨਾਲਾ-ਮੋਗਾ ਰੋਡ ਉੱਤੇ ਪਿੰਡ ਟੱਲੇਵਾਲ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਅਮਨਦੀਪ ਕੌਰ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਮੋਟਰ-ਸਾਈਕਲ ਸਵਾਰ ਪਿਓ-ਧੀ ਦੀ ਤਾਂ ਮੌਤ ਹੋ ਗਈ ਹੈ, ਪਰ ਉਸ ਦੀ ਘਰਵਾਲੀ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਕੁਲਦੀਪ ਸਿੰਘ ਜੋ ਕਿ ਪਿੰਡ ਤਲਵੰਡੀ ਦਾ ਵਾਸੀ ਹੈ ਅਤੇ ਆਪਣੇ ਪਰਿਵਾਰ ਸਮੇਤ ਮੋਟਰ-ਸਾਈਕਲ ਉੱਤੇ ਸਵਾਰ ਹੋ ਕੇ ਮੋਗਾ ਵਾਲੇ ਪਾਸੇ ਤੋਂ ਬਰਨਾਲਾ ਨੂੰ ਜਾ ਰਿਹਾ ਸੀ। ਇਸੇ ਦਰਮਿਆਨ ਟੱਲੇਵਾਲ ਅਤੇ ਰਾਮਗੜ੍ਹ ਵਿਚਕਾਰ ਕੋਹਣੀ ਮੋੜ ਉੱਤੇ ਬਰਨਾਲਾ ਵੱਲ ਤੋਂ ਆ ਰਹੇ ਟਰੱਕ ਨੇ ਮੋਟਰ-ਸਾਈਕਲ ਵਿੱਚ ਸਿੱਧੀ ਟੱਕਰ ਮਾਰੀ, ਜਿਸ ਕਰ ਕੇ ਇਹ ਹਾਦਸਾ ਵਾਪਰਿਆ ਹੈ।
ਤੁਹਾਨੂੰ ਦੱਸ ਦਈਏ ਕਿ ਮ੍ਰਿਤਕ ਪਿਓ-ਧੀ ਉਮਰ ਲੜੀਵਾਰ 28 ਸਾਲ ਅਤੇ 4 ਸਾਲ ਹੈ। ਇਸ ਤੋਂ ਇਲਾਵਾ ਮ੍ਰਿਤਕ ਕੁਲਦੀਪ ਦੀ ਪਤਨੀ ਰਜਨੀ ਕੌਰ ਅਤੇ ਬੇਟਾ ਅਨਮੋਲ ਸਿੰਘ (6 ਸਾਲ) ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਜਿੰਨਾਂ ਨੂੰ ਇਲਾਜ਼ ਦੇ ਲਈ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖ਼ਲ ਕਰਵਾ ਦਿੱਤਾ ਗਿਆ, ਪਰ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਪੀ.ਜੀ.ਆਈ ਰੈਫ਼ਰ ਕਰ ਦਿੱਤਾ ਗਿਆ ਹੈ।
ਐਸ.ਐਚ.ਓ ਨੇ ਕਿਹਾ ਕਿ ਮੌਕੇ ‘ਤੇ ਪਹੁੰਚ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਬਰਨਾਲਾ ਭੇਜ ਦਿੱਤੀਆਂ ਹਨ ਅਤੇ ਟਰੱਕ ਅਤੇ ਟਰੱਕ ਡਰਾਈਵਰ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।