ਬਰਨਾਲਾ: ਪੁਲਿਸ ਪ੍ਰਸ਼ਾਸਨ ਉੱਤੇ ਅਕਸਰ ਹੀ ਵੱਡੇ ਸਵਾਲ ਖੜ੍ਹੇ ਹੁੰਦੇ ਹਨ ਕਿ ਉਹ ਆਮ ਲੋਕਾਂ ਦੀ ਸੁਣਵਾਈ ਨਹੀਂ ਕਰਦੇ। ਇੱਕ ਅਜਿਹਾ ਹੀ ਮਾਮਲਾ ਬਰਨਾਲਾ ਦੇ ਮਹਿਤਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ਼ ਧਰਨਾ ਲਗਾ ਦਿੱਤਾ। ਦਸ ਦਈਏ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਜੱਥੇਬੰਦੀ ਦੇ ਜ਼ਿਲ੍ਹਾ ਆਗੂ ਦੇ ਘਰ ਉਪਰ ਹਮਲਾ ਕੀਤਾ ਗਿਆ ਸੀ ਪਰ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਗੁੰਡਿਆਂ ਉੱਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਜਿਸ ਦੇ ਚਲੱਦੇ ਕਿਸਾਨਾਂ ਵੱਲੋਂ ਬਰਨਾਲਾ ਦੇ ਤਪਾ ਮੰਡੀ ਪੁਲਿਸ ਥਾਣੇ ਦਾ ਘਿਰਾਓ ਕੀਤਾ ਗਿਆ।
ਪੁਲਿਸ ਉੱਪਰ ਰਿਸ਼ਵਤ ਲੈਣ ਦੇ ਦੋਸ਼: ਇਸ ਘਿਰਾਉ ਪ੍ਰਦਰਸ਼ਨ ਵਿੱਚ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਏ ਅਤੇ ਪੁਲਿਸ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਪ੍ਰਦਰਸ਼ਨ ਕੀਤਾ। ਧਰਨਾਕਾਰੀਆਂ ਵਲੋਂ ਇਹ ਮੁਜ਼ਾਹਰਾ ਥਾਣੇ ਅਧੀਨ ਪੈਂਦੇ ਪਿੰਡ ਮਹਿਤਾ ਦੇ ਜੱਥੇਬੰਦੀ ਦੇ ਆਗੂ ਦਰਸ਼ਨ ਸਿੰਘ ਨਾਲ ਧੱਕੇਸ਼ਾਹੀ ਦੇ ਮਸਲੇ ਵਿੱਚ ਇਨਸਾਫ਼ ਨਾ ਦਿੱਤੇ ਜਾਣ ਕਰਕੇ ਕੀਤਾ ਗਿਆ। ਕਿਸਾਨ ਆਗੂ ਦੇ ਘਰ ਹਮਲਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੇ ਜਾਣ ਕਾਰਨ ਕਿਸਾਨਾਂ ਵਿੱਚ ਰੋਸ ਹੈ ਅਤੇ ਕਿਸਾਨਾਂ ਨੇ ਪੁਲਿਸ ਉੱਪਰ ਰਿਸ਼ਵਤ ਲੈਣ ਦੇ ਦੋਸ਼ ਵੀ ਲਗਾਏ ਹਨ।
ਪੁਲਿਸ ਦਾ ਟਾਮ-ਮਟੋਲ ਕਰਨਾ: ਪੀੜਤ ਕਿਸਾਨ ਆਗੂ ਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਕੁੱਝ ਗੁੰਡਿਆਂ ਵੱਲੋਂ ਹਮਲਾ ਕਰਕੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਸੀ। ਇਸ ਸਬੰਧੀ ਪੁਲਿਸ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਇਸ ਸਬੰਧੀ ਕਈ ਵਾਰ ਪੁਲਿਸ ਅਧਿਕਾਰੀਆਂ ਨੂੰ ਮਿਲ ਚੁੱਕੇ ਹਾਂ, ਪਰ ਅਜੇ ਤੱਕ ਕੋਈ ਇਨਸਾਫ਼ ਨਹੀਂ ਦਿੱਤਾ ਗਿਆ ਅਤੇ ਪੁਲਿਸ ਟਾਲ ਮਟੋਲ ਕਰਦੀ ਆ ਰਹੀ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਉੱਪਰ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਿਸ ਵਲੋਂ ਹਮਲਾਵਰ ਧਿਰ ਤੋਂ ਪੈਸੇ ਲੈ ਕੇ ਇਸ ਮਾਮਲੇ ਨੂੰ ਰਫ਼ਾ ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੁਲਿਸ ਵਲੋਂ ਇਨਸਾਫ਼ ਨਾ ਦਿੱਤੇ ਜਾਣ ਦੇ ਰੋਸ ਵਜੋਂ ਥਾਣਾ ਤਪਾ ਦੇ ਅੱਗੇ ਜੱਥੇਬੰਦੀ ਵਲੋਂ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਜਿੰਨਾਂ ਸਮਾਂ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਹ ਆਪਣਾ ਸੰਘਰਸ਼ ਤੇਜ਼ ਕਰਦੇ ਰਹਿਣਗੇ।
ਪੁਲਿਸ ਅਧਿਕਾਰੀਆਂ ਨੂੰ ਬਦਲਣ ਦੀ ਮੰਗ: ਪੀੜਤ ਕਿਸਾਨ ਆਗੂ ਦਾ ਕਹਿਣਾ ਕਿ ਅਸੀਂ ਇੰਨ੍ਹਾਂ ਪੁਲਿਸ ਅਫ਼ਸਰਾਂ ਤੋਂ ਬਹੁਤ ਪ੍ਰੇਸ਼ਾਨ ਹੋ ਗਏ ਹਾਂ ਕਿਉਂਕਿ ਇਹ ਲੋਕਾਂ ਨਾਲ ਇਨਸਾਫ਼ ਨਹੀਂ ਕਰਦੇ। ਇਸ ਲਈ ਸਾਨੂੰ ਅਜਿਹੇ ਅਫ਼ਸਰਾਂ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਬਦਲਣ ਦੀ ਮੰਗ ਵੀ ਕਰਦੇ ਕਿਹਾ ਕਿ ਜਦੋਂ ਤੱਕ ਇਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਬਦਲਿਆਂ ਨਹੀਂ ਜਾਂਦਾ ਉਦੋਂ ਤੱਕ ਅਸੀਂ ਇਸੇ ਤਰ੍ਹਾਂ ਧਰਨਾ ਜਾਰੀ ਰੱਖਾਂਗੇ।
ਇਹ ਵੀ ਪੜ੍ਹੋ: Wheat Crop Affected Due to Rain: ਕਿਸਾਨ ਦੀ ਜਵਾਨ ਹੋ ਰਹੀ ਫ਼ਸਲ 'ਤੇ ਬੇਮੌਸਮੀ ਬਰਸਾਤ ਦੀ ਮਾਰ