ਬਰਨਾਲਾ: ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਬਰਨਾਲਾ ਰੇਲਵੇ ਸਟੇਸ਼ਨ ’ਤੇ ਲਾਇਆ ਧਰਨਾ ਅੱਜ 236ਵੇਂ ਦਿਨ ਵੀ ਆਪਣੇ ਰਵਾਇਤੀ ਜੋਸ਼ੀਲੇ ਅੰਦਾਜ ਨਾਲ ਜਾਰੀ ਰਿਹਾ। ਸਿਰਮੌਰ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਵਸ ਕਿਸਾਨ ਮੋਰਚੇ ਵਿੱਚ ਮਨਾਇਆ ਗਿਆ। ਕਿਸਾਨ ਆਗੂਆਂ ਵੱਲੋਂ ਆਪਣੀਆਂ ਤਕਰੀਰਾਂ ਵਿੱਚ ਖਾਸ ਤੌਰ ’ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜ਼ਿਕਰ ਕੀਤਾ ਗਿਆ।
ਇਹ ਵੀ ਪੜੋ: ਬਲੈਕ ਫੰਗਸ ਨਹੀਂ ਕੋਈ ਬਿਮਾਰੀ, ਡਾਕਟਰ ਨੇ ਦਿੱਤੀ ਵਿਸ਼ੇਸ਼ ਜਾਣਕਾਰੀ
ਕਿਸਾਨ ਆਗੂ ਬਲਵੰਤ ਸਿੰਘ ਉਪਲੀ ਨੇ ਕਿਹਾ ਕਿ 24 ਮਈ 1896 ਨੂੰ ਜਨਮੇ ਕਰਤਾਰ ਸਿੰਘ ਸਰਾਭਾ ਮਹਿਜ਼ 19 ਸਾਲ ਉਮਰ ‘ਚ ਆਪਣੀ ਜਿੰਦਗੀ ਦੇਸ਼ ਦੇ ਲੇਖੇ ਲਾ ਗਏ। ਇਸ ਕਰਕੇ ਗਦਰ ਪਾਰਟੀ ਦੇ ਸਾਥੀ ਉਸ ਨੂੰ ਬਾਲ ਜਰਨੈਲ ਵੀ ਕਹਿੰਦੇ ਸਨ। ਗਦਰ ਪਾਰਟੀ ਦੇ ਮੁੱਢਲੇ ਮੈਂਬਰਾਂ ’ਚ ਸ਼ੁਮਾਰ ਸਰਾਭਾ ਕੁਰਬਾਨੀ ਦੇ ਅਜਿਹੇ ਕੀਰਤੀਮਾਨ ਸਥਾਪਤ ਕਰ ਗਿਆ, ਜਿਸ ਦੀ ਮਿਸਾਲ ਮਿਲਣੀ ਮੁਸ਼ਕਲ ਹੈ। ਉਹਨਾਂ ਮਹਾਨ ਸ਼ਹੀਦ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਉਨਾਂ ਦੀ ਜਿੰਦਗੀ ਤੋਂ ਪ੍ਰੇਰਨਾ ਲੈਣ ਲਈ ਦੀ ਗੱਲ ਕੀਤੀ।
ਉਥੇ ਹੀ ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਧਰਨਿਆਂ ਨੇ ਅੱਧੇ ਸਾਲ ਦਾ ਅਰਸਾ ਪੂਰਾ ਕਰ ਲਿਆ ਹੈ ਅਤੇ ਅੰਦੋਲਨ ਦੇ ਇਸ ਅਹਿਮ ਪੜਾਅ ‘ਤੇ ਧਰਨਿਆਂ ਵਿੱਚ ਕਿਸਾਨਾਂ,ਔਰਤਾਂ, ਮਜਦੂਰਾਂ, ਮੁਲਾਜਮਾਂ ਤੇ ਹੋਰ ਲੋਕਾਂ ਦੀ ਸ਼ਮੂਲੀਅਤ ਵਧ ਰਹੀ ਹੈ। ਵਿਰੋਧੀ ਸਿਆਸੀ ਪਾਰਟੀਆਂ ਖੁੱਲ ਕੇ ਕਿਸਾਨਾਂ ਦੇ ਹੱਕ ਵਿੱਚ ਨਿੱਤਰ ਕੇ ਸਾਹਮਣੇ ਆ ਰਹੀਆਂ ਹਨ।
![ਅੰਦੋਲਨ ਦੇ 236ਵੇਂ ਦਿਨ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਕੀਤਾ ਯਾਦ](https://etvbharatimages.akamaized.net/etvbharat/prod-images/pb-bnl-shaheedkartarsinghsarabhacommemoratedonhisbirthdayinfarmerprotest-pb10017_24052021184555_2405f_1621862155_597.jpg)
ਕੋਰੋਨਾ ਦੇ ਮੁੱਦੇ ’ਤੇ ਕਿਸਾਨਾਂ ਨੂੰ ਘੇਰਨ ਦੀਆਂ ਸਰਕਾਰੀ ਚਾਲਾਂ ਫੇਲ ਹੋ ਚੁੱਕੀਆਂ ਹਨ ਅਤੇ ਸਮਾਜ ਦੇ ਵਧੇਰੇ ਹਿੱਸੇ ਅੰਦੋਲਨ ਦੀ ਹਮਾਇਤ ਵਿੱਚ ਅੱਗੇ ਆ ਰਹੇ ਹਨ। ਲੰਬੀ ਲੜਾਈ ਤੋਂ ਉਪਜਣ ਵਾਲੀ ਥਕਾਨ ਦੀ ਬਜਾਏ ਕਿਸਾਨ ਅੰਦੋਲਨ ਵਧੇਰੇ ਉਤਸ਼ਾਹ, ਤਾਕਤ, ਸਥਿਰਤਾ ਤੇ ਹੌਂਸਲੇ ਦੇ ਦੌਰ ਵਿੱਚ ਦਾਖਲ ਹੋ ਗਿਆ ਹੈ। ਇਸ ਮੌਕੇ ਰਾਜਵਿੰਦਰ ਸਿੰਘ ਮੱਲੀ ਤੇ ਜਗਰੂਪ ਸਿੰਘ ਠੁੱਲੀਵਾਲ ਦੇ ਕਵੀਸ਼ਰੀ ਜਥਿਆਂ ਨੇ ਕਰਤਾਰ ਸਿੰਘ ਸਰਾਭਾ ਦੇ ਪਰਸੰਗ ਵਿੱਚ ਜ਼ੋਸੀਲੀਆਂ ਵਾਰਾਂ ਸੁਣਾਈਆਂ।
ਇਹ ਵੀ ਪੜੋ: ਬੰਗਾਲ ਦੀ ਖਾੜੀ 'ਚ ਹੋਰ ਮਜ਼ਬੂਤ ਹੋਇਆ ਚੱਕਰਵਾਤ 'ਯਾਸ', ਮੌਸਮ ਵਿਭਾਗ ਨੇ ਕੀਤਾ ਅਲਰਟ