ਬਰਨਾਲਾ: ਆਮ ਆਦਮੀ ਪਾਰਟੀ ਦੇ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਪਿੰਡ ਚੀਮਾ ਵਿਖੇ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਕਿਸਾਨਾਂ ਦੀ ਫ਼ਸਲ ਦਾ ਜਾਇਜ਼ਾ ਲੈਣ ਆਉਣਾ ਸੀ, ਪ੍ਰੰਤੂ ਕਿਸਾਨਾਂ ਦੇ ਵਿਰੋਧ ਤੋਂ ਡਰਦਿਆਂ ਆਪ ਵਿਧਾਇਕ ਨੂੰ ਆਪਣਾ ਪ੍ਰੋਗਰਾਮ ਮੁਲਤਵੀ ਕਰਨਾ ਪਿਆ। ਮੌਕੇ ’ਤੇ ਮੌਜੂਦਾ ਕਿਸਾਨਾਂ ਵਲੋਂ ਬੀਕੇਯੂ ਡਕੌਂਦਾ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਤੇ ਆਪ ਵਿਧਾਇਕ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਜਥੇਬੰਦੀ ਦੇ ਬਲਾਕ ਆਗੂ ਬਲਵੰਤ ਸਿੰਘ ਨੰਬਰਦਾਰ, ਹਰਬੰਸ ਸਿੰਘ ਹਰੀ, ਰਾਜਿੰਦਰ ਸਿੰਘ ਭੰਗੂ, ਸਾਧੂ ਸਿੰਘ, ਦਰਸ਼ਨ ਸਿੰਘ ਅਤੇ ਜਸਵਿੰਦਰ ਸਿੰਘ ਸੋਨੀ ਨੇ ਕਿਹਾ ਕਿ ਪਿੰਡ ਦੇ ਕਿਸਾਨਾਂ ਦੀ ਵੱਡੇ ਪੱਧਰ ’ਤੇ ਗੁਲਾਬੀ ਸੁੰਡੀ ਨੇ ਕਣਕ ਦੀ ਫਸਲ ਖ਼ਰਾਬ ਕਰ ਦਿੱਤੀ ਹੈ ਜਿਸ ਲਈ ਆਪ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਇੰਨ੍ਹਾਂ ਖੇਤਾਂ ਵਿੱਚ ਪਹੁੰਚ ਰਹੇ ਸਨ। ਉਨ੍ਹਾਂ ਕਿਹਾ ਕਿ ਵਿਧਾਇਕ ਦੇ ਆਉਣ ਦੀ ਭਿਣਕ ਲੱਗਣ ’ਤੇ ਉਹ ਮੌਕੇ ’ਤੇ ਪਹੁੰਚ ਗਏ ਪ੍ਰੰਤੂ ਆਪ ਵਿਧਾਇਕ ਇੱਥੇ ਨਹੀਂ ਆਇਆ।
ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਵਿਧਾਇਕ ਪੰਡੋਰੀ ਨੂੰ ਸਿਰਫ਼ ਆਪਣੇ ਮਸਲਿਆਂ ਸਬੰਧੀ ਸਵਾਲ ਕਰਨੇ ਸਨ, ਜਦਕਿ ਵਿਧਾਇਕ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਟਲ ਗਿਆ। ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲ ਵਿਧਾਇਕ ਨੇ ਸਾਡੀ ਕੋਈ ਸਾਰ ਨਹੀਂ ਲਈ, ਜਦਕਿ ਹੁਣ ਚੋਣਾਂ ਹੋਣ ਕਾਰਨ ਉਨ੍ਹਾਂ ਨੂੰ ਕਿਸਾਨ ਅਤੇ ਹਲਕੇ ਦੇ ਲੋਕ ਯਾਦ ਆ ਗਏ ਹਨ। ਕਿਸਾਨ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਚੋਣਾਂ ਦੌਰਾਨ ਕਿਸੇ ਵੀ ਪਾਰਟੀ ਦਾ ਆਗੂ ਪਿੰਡ ਆਵੇਗਾ ਤਾਂ ਉਸਨੂੰ ਘੇਰ ਕੇ ਇਸੇ ਤਰ੍ਹਾਂ ਸਵਾਲ ਕਰਨਗੇ।
ਉਧਰ ਇਸ ਸਬੰਧੀ ਆਪ ਵਿਧਾਇਕ ਪੰਡੋਰੀ ਦਾ ਕਹਿਣਾ ਹੈ ਕਿ ਉਹ ਪੀੜ਼ਤ ਕਿਸਾਨਾਂ ਨੂੰ ਮਿਲਣ ਅਤੇ ਸਮੱਸਿਆ ਦੇ ਹੱਲ ਲਈ ਪਿੰਡ ਚੀਮਾ ਆ ਰਹੇ ਸਨ। ਪ੍ਰੰਤੂ ਕਿਸਾਨ ਜਥੇਬੰਦੀ ਅਤੇ ਪਾਰਟੀ ਵਰਕਰਾਂ ਦੇ ਟਕਰਾਅ ਕਾਰਨ ਨਹੀਂ ਆਏ। ਉਹਨਾਂ ਕਿਹਾ ਕਿ ਫਿਰ ਵੀ ਡੀਸੀ ਬਰਨਾਲਾ ਨਾਲ ਸੰਪਰਕ ਕਰਕੇ ਇੰਨ੍ਹਾਂ ਪੀੜਤ ਕਿਸਾਨਾਂ ਲਈ ਆਵਾਜ਼ ਉਠਾਣਗੇ।
ਵਿਧਾਇਕ ਪੰਡੋਰੀ ਨੇ ਦਾਅਵਾ ਕੀਤਾ ਕਿ ਉਹ ਪਹਿਲੇ ਦਿਨ ਤੋਂ ਕਿਸਾਨਾਂ ਦੇ ਹੱਕ ਵਿੱਚ ਖੜ ਕੇ ਆਵਾਜ਼ ਉਠਾਉਂਦੇ ਆ ਰਹੇ ਹਨ। ਕਿਸਾਨ ਅੰਦੋਲਨ ਦੌਰਾਨ ਵੀ ਉਨ੍ਹਾਂ ਨੇ ਇੱਕ ਸਾਲ ਤੋਂ ਵੱਧ ਸਮਾਂ ਆਪਣੀ ਗੱਡੀ ਦਿੱਲੀ ਵਿਖੇ ਕਿਸਾਨਾਂ ਨੂੰ ਸਮਰਪਿਤ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਆਪਣੀ ਵਿੱਤ ਅਨੁਸਾਰ ਫੰਡ ਵੀ ਦਿੱਤਾ ਅਤੇ ਵਿਧਾਨ ਸਭਾ ਵਿੱਚ ਕਿਸਾਨਾਂ ਲਈ ਆਵਾਜ਼ ਉਠਾਈ। ਵਿਧਾਇਕ ਨੇ ਕਿਹਾ ਕਿ ਉਹ ਕਿਸਾਨਾਂ ਦੇ ਸਵਾਲਾਂ ਤੋਂ ਕਦੇ ਨਹੀਂ ਭੱਜੇ, ਜਦੋਂ ਵੀ ਚਾਹੁੰਣ ਕਿਸਾਨ ਆਗੂ ਬੈਠ ਕੇ ਉਨ੍ਹਾਂ ਨਾਲ ਗੱਲ ਕਰਦੇ ਸਕਦੇ ਹਨ, ਉਹ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਨ।
ਇਹ ਵੀ ਪੜ੍ਹੋ:ਭੋਗ ਸਮਾਗਮ ’ਚ ਪਹੁੰਚੇ ਕਾਂਗਰਸੀ ਵਿਧਾਇਕ ਦੇ ਭਰਾ ਦੀ ਮਹਿੰਗੀ ਜੁੱਤੀ ਚੋਰੀ