ਬਰਨਾਲਾ: ਸੂਬੇ ਵਿੱਚ ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਇਸ ਵਾਰ ਪਾਣੀ ਦੀ ਬੱਚਤ ਲਈ ਕਿਸਾਨਾਂ ਵੱਲੋਂ ਝੋਨੇ ਦੀ ਬਿਜਾਈ ਦੇ ਵੱਖਰੇ ਉਪਰਾਲੇ ਕੀਤੇ ਜਾ ਰਹੇ ਹਨ। ਬਹੁਗਿਣਤੀ ਕਿਸਾਨਾਂ ਵੱਲੋਂ ਕੱਦੂ ਕਰਕੇ ਝੋਨਾ ਲਗਾਉਣ ਦੀ ਬਜਾਏ ਇਸ ਵਾਰ ਸਿੱਧੀ ਬਿਜਾਈ ਦੀ ਤਕਨੀਕ ਅਪਣਾਈ ਗਈ ਹੈ। ਇਸ ਤਕਨੀਕ ਨਾਲ ਪਾਣੀ ਦੀ ਬਚਤ ਕੀਤੀ ਜਾ ਸਕੇਗੀ।
ਕਿਸਾਨਾਂ ਵੱਲੋਂ ਵੱਟਾਂ 'ਤੇ ਝੋਨਾ ਲਗਾਉਣ ਦੀ ਨਵੀਂ ਤਕਨੀਕ ਅਪਣਾਈ ਜਾ ਰਹੀ ਹੈ। ਇਸ ਤਕਨੀਕ ਵਿੱਚ ਕਿਸਾਨਾਂ ਵੱਲੋਂ ਆਲੂਆਂ ਵਾਂਗ ਵੱਟਾਂ ਬਣਾ ਕੇ ਉਸ ਉੱਪਰ ਝੋਨਾ ਲਗਾਇਆ ਜਾ ਰਿਹਾ ਹੈ। ਇਸ ਰਾਹੀਂ ਵੱਡੇ ਪੱਧਰ 'ਤੇ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਝਾੜ ਵਧਦਾ ਹੈ।
ਬਰਨਾਲਾ ਦੇ ਪਿੰਡ ਬਖ਼ਤਗੜ੍ਹ ਦੇ ਅਗਾਂਹ ਵਧੂ ਕਿਸਾਨ ਬਲਜਿੰਦਰ ਸਿੰਘ ਵੱਲੋਂ ਵੱਟਾਂ ਦਾ ਝੋਨਾ ਲਗਾਇਆ ਗਿਆ ਹੈ। ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਵੱਲੋਂ 35 ਏਕੜ ਰਕਬੇ ਵਿੱਚ ਖੇਤੀ ਕੀਤੀ ਜਾ ਰਹੀ ਹੈ, ਜਿਸ ਵਿਚੋਂ ਇਸ ਵਾਰ ਢਾਈ ਕਿੱਲਿਆਂ ਵਿੱਚ ਵੱਟਾਂ ਵਾਲਾ ਝੋਨਾ ਲਗਾਇਆ ਜਾ ਰਿਹਾ ਹੈ। ਕਿਸਾਨ ਨੇ ਦੱਸਿਆ ਕਿ ਝੋਨਾ ਲਗਾਉਣ ਦੀ ਇਸ ਵਿਧੀ ਬਾਰੇ ਉਸ ਨੇ ਇੰਟਰਨੈੱਟ ਤੋਂ ਜਾਣਕਾਰੀ ਹਾਸਲ ਕੀਤੀ ਸੀ।
ਕਿਸਾਨ ਨੇ ਦੱਸਿਆ ਕਿ ਇਸ ਤਰੀਕੇ ਰਾਹੀਂ ਵੱਡੇ ਪੱਧਰ 'ਤੇ ਪਾਣੀ ਦੀ ਬੱਚਤ ਹੋ ਰਹੀ ਹੈ। ਇਸ ਤੋਂ ਇਲਾਵਾ ਫਸਲ ਨੂੰ ਬਿਮਾਰੀ ਵੀ ਘੱਟ ਪੈਂਦੀ ਹੈ ਜਦੋਂਕਿ ਪੰਜ ਕੁਵਿੰਟਲ ਝੋਨਾ ਵਧੇਰੇ ਨਿਕਲਦਾ ਹੈ। ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕਰਨ ਵਾਲੀ ਦਿੱਲੀ ਦੀ ਸੰਸਥਾ ਦੇ ਨੁਮਾਇੰਦੇ ਗੁਰਤੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਕਿਸਾਨ ਬਲਜਿੰਦਰ ਸਿੰਘ ਵੱਲੋਂ ਵੱਟਾਂ 'ਤੇ ਝੋਨਾ ਲਗਾਉਣ ਦਾ ਜੋ ਉਪਰਾਲਾ ਕੀਤਾ ਗਿਆ ਹੈ। ਉਹ ਬਹੁਤ ਹੀ ਸ਼ਲਾਘਾਯੋਗ ਹੈ, ਕਿਉਂਕਿ ਇਸ ਤਕਨੀਕ ਰਾਹੀਂ ਪਾਣੀ ਦੀ ਵੱਡੇ ਪੱਧਰ ਤੇ ਬੱਚਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਕਿਸਾਨਾਂ ਨੂੰ ਕਿਸਾਨ ਬਲਜਿੰਦਰ ਸਿੰਘ ਦੇ ਖੇਤ ਵਿੱਚ ਲਿਆ ਕੇ ਟਰਾਇਲ ਦਿਖਾਇਆ ਜਾਵੇਗਾ ਤਾਂ ਕਿ ਹੋਰ ਕਿਸਾਨ ਵੀ ਜਾਗਰੂਕ ਹੋ ਗਏ ਅਗਲੇ ਵਾਰ ਇਸ ਤਕਨੀਕ ਨੂੰ ਅਪਣਾ ਕੇ ਪਾਣੀ ਦੀ ਬਚਤ ਕਰ ਸਕਣ।