ਬਰਾਨਾਲ: ਭਦੌੜ ਵਿਖੇ ਨੇੜਲੇ ਪਿੰਡ ਅਲਕੜਾ ਦੇ ਕਿਸਾਨ ਜਗਤਾਰ ਸਿੰਘ ਨੂੰ ਪਿਛਲੇ ਲੰਬੇ ਸਮੇਂ ਤੋਂ ਬਿਜਲੀ ਵਿਭਾਗ ਵੱਲੋਂ ਟਰਾਂਸਫਾਰਮਰ ਨਾ ਮਿਲਣ ਕਾਰਨ ਗੁੱਸੇ ਹੋਏ ਕਿਸਾਨਾਂ ਨੇ ਬਿਜਲੀ ਬੋਰਡ ਦੇ ਭਦੌੜ ਦਫ਼ਤਰ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਅਤੇ ਦਫ਼ਤਰ ਦਾ ਦਰਵਾਜ਼ਾ ਬੰਦ ਕਰ ਕੇ ਅਧਿਕਾਰੀਆਂ ਨੂੰ ਬਾਹਰ ਨਹੀਂ ਆਉਣ ਦਿੱਤਾ। ਬਾਹਰੋਂ ਕਿਸੇ ਵੀ ਖਪਤਕਾਰ ਨੂੰ ਬਿਜਲੀ ਬੋਰਡ ਸੰਬੰਧੀ ਕੰਮ ਕਰਵਾਉਣ ਲਈ ਦਫਤਰ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਜਗਤਾਰ ਸਿੰਘ ਜੋ ਕਿ ਅਲਕੜਾ ਪਿੰਡ ਦਾ ਨਿਵਾਸੀ ਹੈ।Latest news of Barnala
ਉਸ ਦਾ ਪਿਛਲ੍ਹੇ ਲੰਬੇ ਸਮੇਂ ਤੋਂ ਖੇਤ ਵਿਚ ਲੱਗਾ ਟਰਾਂਸਫਾਰਮਰ ਖ਼ਰਾਬ ਹੋਇਆ ਪਿਆ ਹੈ, ਉਹ ਬਹੁਤ ਸਮਾਂ ਪਹਿਲਾਂ ਤੋਂ ਟਰਾਂਸਫਾਰਮਰ ਨੂੰ ਬਦਲਣ ਲਈ ਦਫਤਰ ਦੇ ਚੱਕਰ ਕੱਟ ਰਿਹਾ ਹੈ ਅਤੇ ਸਾਡੇ ਨਾਲ ਉਹ ਇੱਕ ਦੋ ਵਾਰ ਸਬੰਧਤ ਐਸਡੀਓ ਨੂੰ ਵੀ ਮਿਲਿਆ ਹੈ ਪਰ ਸਾਨੂੰ ਲਾਰਿਆਂ ਤੋਂ ਸਿਵਾਏ ਕੁਝ ਵੀ ਨਹੀਂ ਮਿਲਿਆ।
ਉਨ੍ਹਾਂ ਅੱਗੇ ਕਿਹਾ ਕਿ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਸ ਦਾ ਟਰਾਂਸਫਾਰਮਰ ਪ੍ਰਾਈਵੇਟ ਦੱਸ ਕੇ ਉਸ ਨੂੰ ਟਰਾਂਸਫਾਰਮਰ ਦੇਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਜਦੋਂ ਕਿ ਉਸ ਦਾ ਟ੍ਰਾਂਸਫਾਰਮਰ ਸਰਕਾਰੀ ਲੱਗਿਆ ਹੋਇਆ ਹੈ। ਜਿਸ ਦੇ ਉਕਤ ਕਿਸਾਨ ਕੋਲ ਕਾਗਜ਼ ਪੱਤਰ ਵੀ ਮੌਜੂਦ ਹਨ। ਉਨ੍ਹਾਂ ਕਿਹਾ ਕਿ ਕਿਸਾਨ ਦੀ ਹੋ ਰਹੀ ਖੱਜਲ ਖੁਆਰੀ ਤੋਂ ਅੱਕ ਕੇ ਅੱਜ ਅਸੀਂ ਕਿਸਾਨ ਨੂੰ ਟਰਾਂਸਫਾਰਮਰ ਦਿਵਾਉਣ ਲਈ ਬਿਜਲੀ ਗਰਿੱਡ ਦਾ ਘਿਰਾਓ ਕੀਤਾ ਹੈ ਅਤੇ ਇਹ ਘਿਰਾਓ ਉਨ੍ਹਾਂ ਸਮਾਂ ਚੱਲੇਗਾ,ਜਦੋਂ ਤੱਕ ਉਨ੍ਹਾਂ ਨੂੰ ਵਿਭਾਗ ਵੱਲੋਂ ਟਰਾਂਸਫਾਰਮਰ ਨਹੀਂ ਦਿੱਤਾ ਜਾਂਦਾ।
ਉਨ੍ਹਾਂ ਕਿਹਾ ਕਿ ਅਸੀਂ ਸਵੇਰ ਤੋਂ ਹੀ ਬਿਜਲੀ ਬੋਰਡ ਦਫਤਰ ਅੱਗੇ ਧਰਨਾ ਲਗਾ ਕੇ ਬੈਠੇ ਹਾਂ ਪਰ ਅਜੇ ਤੱਕ ਕੋਈ ਵੀ ਸਬੰਧਤ ਵਿਭਾਗ ਦਾ ਅਧਿਕਾਰੀ ਜਾਂ ਕਰਮਚਾਰੀ ਉਨ੍ਹਾਂ ਕੋਲ ਨਹੀਂ ਪਹੁੰਚਿਆ ਅਤੇ ਨਾ ਹੀ ਕਿਸੇ ਨੇ ਉਨ੍ਹਾਂ ਨੂੰ ਧਰਨਾ ਲਗਾਉਣ ਦਾ ਕਾਰਨ ਪੁੱਛਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਸੰਘਰਸ਼ ਉਨ੍ਹਾਂ ਸਮਾਂ ਜਾਰੀ ਰਹੇਗਾ ਜਿੰਨਾ ਸਮਾਂ ਜਗਤਾਰ ਸਿੰਘ ਨੂੰ ਟਰਾਂਸਫ਼ਾਰਮਰ ਬਦਲ ਕੇ ਨਵਾਂ ਨਹੀਂ ਦਿੱਤਾ ਜਾਂਦਾ ਹੈ ਕਿਉਂਕਿ ਜਗਤਾਰ ਸਿੰਘ ਪਿਛਲੇ ਲੰਬੇ ਸਮੇਂ ਤੋਂ ਕਿਰਾਏ ਤੇ ਟਰਾਂਸਫਾਰਮਰ ਲੈ ਕੇ ਆਪਣੀ ਫਸਲ ਨੂੰ ਪਾਲ ਰਿਹਾ ਹੈ ਅਤੇ ਆਰਥਿਕ ਤੌਰ ਤੇ ਪਰੇਸ਼ਾਨੀ ਆ ਰਹੀ ਹੈ।
ਜਦੋਂ ਇਸ ਸਬੰਧੀ ਬਿਜਲੀ ਵਿਭਾਗ ਦੇ ਐਸਡੀਓ ਨੂੰ ਪੁੱਛਿਆ ਗਿਆ ਤਾਂ ਐਸਡੀਓ ਲਖਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ 5 ਸਤੰਬਰ ਤੋਂ ਹੀ ਸਹਾਇਕ SDO ਦਾ ਅਹੁਦਾ ਸੰਭਾਲਿਆ ਹੈ ਅਤੇ ਜੋ ਐੱਸਡੀਓ ਮੈਥੋਂ ਪਹਿਲਾਂ ਇਸ ਅਹੁਦੇ ਤੇ ਸੀ ਉਸ ਨਾਲ ਇਨ੍ਹਾਂ ਦੀ ਕੋਈ ਗੱਲਬਾਤ ਹੋਈ ਹੋਵੇਗੀ। ਪਰ ਮੇਰੇ ਅਹੁਦਾ ਸੰਭਾਲਣ ਤੋਂ ਬਾਅਦ ਇਨ੍ਹਾਂ ਨੇ ਇਸ ਟਰਾਂਸਫਾਰਮਰ ਸੰਬੰਧੀ ਕੋਈ ਵੀ ਆ ਕੇ ਗੱਲ ਨਹੀਂ ਕੀਤੀ ਬਲਕਿ ਅੱਜ ਸਵੇਰ ਤੋਂ ਹੀ ਇਨ੍ਹਾਂ ਨੇ ਆ ਕੇ ਧਰਨਾ ਲਗਾ ਦਿੱਤਾ ਅਤੇ ਅੱਜ ਵੀ ਮੈਂ ਕਿਸੇ ਅਧਿਕਾਰੀ ਨੂੰ ਭੇਜ ਇਨ੍ਹਾਂ ਨੂੰ ਗੱਲਬਾਤ ਦੱਸਣ ਲਈ ਅਤੇ ਮਾਮਲੇ ਦੇ ਹੱਲ ਲਈ ਬੁਲਾਇਆ ਸੀ ਪਰ ਕਿਸਾਨ ਯੂਨੀਅਨ ਵਾਲੇ ਸਿਰਫ ਟਰਾਂਸਫਾਰਮਰ ਦੀ ਹੀ ਮੰਗ ਕਰ ਰਹੇ ਹਨ।
ਉਨ੍ਹਾਂ ਕਿਹਾ ਜੋ ਹੁਣ ਤਕ ਮੈਨੂੰ ਜਾਣਕਾਰੀ ਹੈ ਕਿ ਇਹ ਟਰਾਂਸਫਾਰਮਰ ਪਿਛਲੇ ਸਮੇਂ ਸਰਕਾਰੀ ਲੱਗਿਆ ਸੀ ਪਰ ਜਦੋਂ ਇਸ ਸਬੰਧਿਤ ਕਿਸਾਨ ਨੇ ਟਰਾਂਸਫਾਰਮਰ ਖਰਾਬ ਹੋਣ ਦੀ ਐਪਲੀਕੇਸ਼ਨ ਦਿੱਤੀ ਹੈ ਅਤੇ ਸਾਡੇ ਅਧਿਕਾਰੀਆਂ ਵੱਲੋਂ ਜਾ ਕੇ ਮੌਕਾ ਦੇਖਿਆ ਗਿਆ ਤਾਂ ਜੋ ਸਰਕਾਰ ਵਲੋਂ ਟਰਾਂਸਫਾਰਮਰ ਸਬੰਧਿਤ ਕਿਸਾਨ ਦੇ ਖੇਤ ਵਿੱਚ ਲਗਾਇਆ ਗਿਆ ਸੀ, ਉਹ ਟਰਾਂਸਫਾਰਮਰ ਖੇਤ ਵਿੱਚ ਨਹੀਂ ਹੈ ਬਲਕਿ ਇਕ ਪ੍ਰਾਈਵੇਟ ਟਰਾਂਸਫਾਰਮਰ ਲੱਗਿਆ ਹੋਇਆ ਹੈ ਜੋ ਬਦਲਣਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਪਰ ਫਿਰ ਵੀ ਉਨ੍ਹਾਂ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਕੇ ਇਸ ਮਸਲੇ ਦੇ ਹੱਲ ਲਈ ਉੱਚ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ ਅਤੇ ਜੋ ਵੀ ਕਾਨੂੰਨ ਅਨੁਸਾਰ ਕਿਸਾਨ ਦਾ ਹੱਲ ਹੋ ਸਕਦਾ ਹੋਵੇਗਾ। ਉਸ ਨੂੰ ਅਮਲ ਵਿੱਚ ਲਿਆਉਂਦੇ ਹੋਏ ਕਿਸਾਨ ਦੀ ਮੁਸ਼ਕਿਲ ਹੱਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਯੂਕਰੇਨ ਜੰਗ ਕਾਰਨ ਪਰਤੇ ਮੈਡੀਕਲ ਵਿਦਿਆਰਥੀ ਕੇਂਦਰ ਸਰਕਾਰ ਦੇ ਨਵੇਂ ਫਰਮਾਨ ਤੋਂ ਨਾਖੁਸ਼