ਬਰਨਾਲਾ: ਸੂਬੇ ਦੇ ਕਈ ਹਿੱਸਿਆਂ ਵਿੱਚ ਐਤਵਾਰ ਭਾਰੀ ਮੀਂਹ ਅਤੇ ਗੜੇਮਾਰੀ ਹੋਈ, ਜਿਸ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਚਿੰਤਾ ਨੂੰ ਹੋਰ ਵਧਾ ਦਿੱਤਾ ਹੈ। ਪਹਿਲਾਂ ਹੀ ਕਾਲੀ ਦੀਵਾਲੀ ਮਨਾ ਰਹੇ ਕਿਸਾਨਾਂ ਨੂੰ ਹੁਣ ਤੇਜ਼ ਮੀਂਹ ਅਤੇ ਗੜੇਮਾਰੀ ਕਾਰਨ ਫ਼ਸਲਾਂ ਦੇ ਨੁਕਸਾਨ ਦਾ ਵੀ ਖਦਸ਼ਾ ਬਣ ਗਿਆ ਹੈ।
ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਵੀ ਤੇਜ਼ ਹਵਾ ਦੇ ਨਾਲ ਮੀਂਹ ਅਤੇ ਗੜੇਮਾਰੀ ਹੋਈ, ਜਿਸ ਕਾਰਨ ਕਣਕ ਦੀ ਫ਼ਸਲ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਣ ਦੀ ਸੂਚਨਾ ਹੈ।
ਉਧਰ, ਇਸ ਮੀਂਹ ਕਾਰਨ ਲੋਕਾਂ ਨੂੰ ਧੂੰਏ ਤੋਂ ਰਾਹਤ ਵੀ ਮਿਲੀ ਹੈ, ਕਿਉਂਕਿ ਪਰਾਲੀ ਸਾੜਣ ਅਤੇ ਦੀਵਾਲੀ ਉੱਤੇ ਪਟਾਕੇ ਚਲਾਉਣ ਕਾਰਨ ਜੋ ਪ੍ਰਦੂਸ਼ਣ ਦਾ ਪੱਧਰ ਵੱਧ ਗਿਆ ਸੀ ਅਤੇ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੀ।
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਮੱਖਣ ਸਿੰਘ ਅਤੇ ਬਿੰਦਰ ਭੋਤਨਾ ਨੇ ਦੱਸਿਆ ਕਿ ਇਸ ਗੜੇਮਾਰੀ ਕਾਰਨ ਹਰੀ ਹੋ ਚੁੱਕੀ ਕਣਕ ਨੂੰ ਨੁਕਸਾਨ ਪੁੱਜਿਆ ਹੈ। ਇਸ ਦੇ ਨਾਲ ਹੀ ਨਵੀਂ ਬੀਜੀ ਗਈ ਫ਼ਸਲ ਦੇ ਖਰਾਬ ਹੋਣ ਦਾ ਵੀ ਡਰ ਬਣ ਗਿਆ ਹੈ। ਜਦੋਂਕਿ ਹਰੇ ਚਾਰੇ, ਸਬਜ਼ੀਆਂ ਦੀਆਂ ਫ਼ਸਲਾਂ ਨੂੰ ਨੁਕਸਾਨ ਹੋਇਆ ਹੈ।
ਉਧਰ ਖੇਤੀਬਾੜੀ ਵਿਭਾਗ ਦੇ ਡਿਪਟੀ ਡਾਇਰੈਕਟਰ ਅਤੇ ਜ਼ਿਲ੍ਹਾ ਵਿਭਾਗ ਮੁਖੀ ਡਾ.ਬਲਦੇਵ ਸਿੰਘ ਨੇ ਕਿਹਾ ਕਿ ਜੇਕਰ ਗੜੇਮਾਰੀ ਜ਼ਿਆਦਾ ਹੋਈ ਹੈ ਤਾਂ ਇਸ ਨਾਲ ਕਣਕ ਸਮੇਤ ਸਰ੍ਹੋਂ, ਚਾਰੇ ਅਤੇ ਸਬਜ਼ੀਆਂ ਨੂੰ ਵੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਭਾਗ ਵੱਲੋਂ ਭਲਕੇ ਪ੍ਰਭਾਵਿਤ ਪਿੰਡਾਂ ਦਾ ਮੌਕਾ ਦੇਖਿਆ ਜਾਵੇਗਾ।