ਬਰਨਾਲਾ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦੇ ਪੱਕੇ ਮੋਰਚੇ ਦਿੱਲੀ ਦੇ ਨਾਲ ਨਾਲ ਪੰਜਾਬ ਵਿੱਚ ਵੀ ਜਾਰੀ ਹਨ। ਅੱਜ ਸ਼ਹਿਰ ’ਚ ਚੱਲ ਰਹੇ ਮੋਰਚੇ ਦੌਰਾਨ ਵਿਸਾਖੀ ਦਾ ਤਿਉਹਾਰ ਕਿਸਾਨਾਂ ਵੱਲੋਂ ਮਨਾਇਆ ਗਿਆ। ਇਸ ਮੌਕੇ ਕਿਸਾਨਾਂ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਮਨਾਉਂਦੇ ਹੋਏ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਵੀ ਯਾਦ ਕੀਤਾ ਗਿਆ।
ਗੌਰਤਲੱਬ ਹੈ ਕਿ ਅੱਜ ਕਿਸਾਨ ਮੋਰਚੇ ਵਿੱਚ ਬੁਲਾਰਿਆਂ ਵੱਲੋਂ ਸਿਰਫ਼ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਜਲ੍ਹਿਆਂਵਾਲੇ ਬਾਗ ਦੇ ਨਾਲ ਸੰਬੰਧਤ ਹੀ ਤਕਰੀਰਾਂ ਸਾਂਝੀਆਂ ਕੀਤੀਆਂ ਗਈਆਂ।
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਲਗਾਤਾਰ ਕਿਸਾਨ ਮੋਰਚਿਆਂ ਵਿੱਚ ਹਰ ਇਤਿਹਾਸਕ ਦਿਨ ਮਨਾਏ ਜਾਂਦੇ ਹਨ। ਜਿਸ ਤਹਿਤ ਅੱਜ ਵਿਸਾਖੀ ਦੇ ਤਿਉਹਾਰ ਮੌਕੇ ਖਾਲਸਾ ਪੰਥ ਦੀ ਸਾਜਣਾ ਦਿਵਸ ਅਤੇ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਗਲ ਹਕੂਮਤ ਦੇ ਸਾਮਰਾਜੀ ਅਤੇ ਜ਼ੁਲਮੀ ਰਾਜ ਦੇ ਅੰਤ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇਹ ਖਾਲਸਾ ਪੰਥ ਜਾਤ ਪਾਤ, ਧਰਮ ਅਤੇ ਹਰ ਤਰ੍ਹਾਂ ਦੇ ਭੇਦਭਾਵ ਤੋਂ ਬਾਹਰ ਹੈ ਖ਼ਾਲਸਾ ਪੰਥ ਸਾਜ ਕੇ ਗੁਰੂ ਜੀ ਨੇ ਮੁਗ਼ਲ ਰਾਜ ਦੀ ਜੜ੍ਹ ਪੁੱਟੀ ਸੀ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਅੱਜ ਕੇਂਦਰ ਸਰਕਾਰ ਦੇਸ਼ ਭਰ ਦੇ ਕਿਸਾਨਾਂ 'ਤੇ ਖੇਤੀ ਕਾਨੂੰਨ ਲਾਗੂ ਕਰਕੇ ਜ਼ੁਲਮ ਕਰ ਰਹੀ ਹੈ, ਜਿਸ ਦਾ ਟਾਕਰਾ ਗੁਰੂ ਸਾਹਿਬ ਦੇ ਵਾਰਸ ਕਰ ਰਹੇ ਹਨ।
ਇਹ ਵੀ ਪੜ੍ਹੋ: ਸਾਬਕਾ ਕੈਬਨਿਟ ਮੰਤਰੀ ਹੰਸਰਾਜ ਜੋਸਨ ਨੇ ਛੱਡਿਆ ਕਾਂਗਰਸ ਦਾ ਹੱਥ !