ਬਰਨਾਲਾ: ਸ਼ਹਿਰ ਵਿੱਚ ਸਥਿਤ ਮਿਲਕ ਪ੍ਰੋਡਕਟ ਬਣਾਉਣ ਵਾਲੀ ਫ਼ੈਕਟਰੀ ਦੇ ਕੁਝ ਕਾਮਿਆਂ ਨੂੰ ਫ਼ੈਕਟਰੀ ਤੋਂ ਬਾਹਰ ਕੱਢ ਦਿੱਤਾ ਹੈ। ਇਸ ਤੋਂ ਬਾਅਦ ਮਜ਼ਦੂਰ ਯੂਨੀਅਨ ਤੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ ਜਾਮ ਕੀਤਾ ਤੇ ਜਿਸ ਮੌਕੇ ਪੁਲੀਸ ਪ੍ਰਸ਼ਾਸਨ ਵੱਲੋਂ ਭਾਰੀ ਗਿਣਤੀ ਵਿੱਚ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ।
ਇਸ ਬਾਰੇ ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ੈਕਟਰੀ 'ਚੋਂ ਬਿਨਾਂ ਕਿਸੇ ਕਾਰਨ 'ਤੇ ਨੋਟਿਸ ਤੋਂ ਬਿਨਾਂ ਕੱਢਿਆ ਗਿਆ ਤੇ ਨਾ ਹੀ ਬਣਦੀ ਤਨਖ਼ਾਹ ਵੀ ਨਹੀਂ ਦਿੱਤੀ ਗਈ। ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਲੰਮੇਂ ਸਮੇਂ ਤੋਂ ਫ਼ੈਕਟਰੀ ਵਿੱਚ ਕੰਮ ਕਰ ਰਹੇ ਹਨ ਤੇ ਹੁਣ ਉਨ੍ਹਾਂ ਦਾ ਗੁਜ਼ਾਰਾ ਮੁਸ਼ਕਿਲ ਹੋ ਗਿਆ ਹੈ।
ਉੱਥੇ ਹੀ ਫ਼ੈਕਟਰੀ ਦੇ ਜਨਰਲ ਮੈਨੇਜਰ ਨੇ ਆਪਣੀ ਸਫ਼ਾਈ ਦਿੰਦਿਆਂ ਕਿਹਾ ਕਿ ਗ਼ਰਮੀ ਕਰਕੇ ਦੁੱਧ ਦੀ ਘਾਟ ਹੋਣ ਕਾਰਨ ਕੰਮ ਵੀ ਘਟ ਗਿਆ ਹੈ ਪਰ ਫਿਰ ਵੀ ਉਹ ਡਿਪਟੀ ਕਮਿਸ਼ਨਰ ਨਾਲ ਹੋਈ ਗੱਲਬਾਤ ਤੋਂ ਬਾਅਦ ਮਜ਼ਦੂਰਾਂ ਨੂੰ ਰੱਖਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਮਜ਼ਦੂਰ ਦਾ ਕੋਈ ਵੀ ਪੈਸਾ ਨਹੀਂ ਰੱਖਿਆ ਗਿਆ ਸਗੋਂ ਮਜ਼ਦੂਰਾਂ ਦੀ ਤਨਖ਼ਾਹ ਹਰ ਇੱਕ ਦੇ ਖ਼ਾਤੇ ਵਿੱਚ ਪਾ ਦਿੱਤੀਆਂ ਗਈਆਂ ਹਨ।