ਬਰਨਾਲਾ: ਭਾਰਤ ਅਤੇ ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਦਾ ਫੈਲਾਅ ਬੜੀ ਹੀ ਤੇਜ਼ੀ ਨਾਲ ਹੋ ਰਿਹਾ ਹੈ। ਪੰਜਾਬ ਵਿੱਚ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿੱਚ ਕੋਰੋਨਾ ਪੌਜ਼ੀਟਿਵ ਮਰੀਜ਼ ਸਾਹਮਣੇ ਆ ਰਹੇ ਹਨ। ਪੰਜਾਬ ਸਰਕਾਰ ਨੇ ਕਰਫਿਊ ਵਿੱਚ ਢਿੱਲ ਦੇ ਕੇ ਢਾਬਿਆਂ ਨੂੰ ਖੋਲ੍ਹਣ ਦੀ ਛੂਟ ਦਿੱਤੀ ਹੈ। ਇਸੇ ਦੌਰਾਨ ਹਰਿਆਣਾ ਵਿੱਚ ਸ਼ੇਰਸ਼ਾਹ ਸੂਰੀ ਕੌਮੀ ਸ਼ਾਹਰਾਹ 'ਤੇ ਸਥਿਤ ਸੁਖਦੇਵ ਢਾਬੇ ਦੇ ਕਈ ਕਰਮੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਇਸ ਮਗਰੋਂ ਇਸ ਮਹਾਂਮਾਰੀ ਦੌਰਾਨ ਢਾਬਿਆਂ 'ਤੇ ਖਾਣਾ ਖਾਣ ਵਾਲੇ ਲੋਕਾਂ ਅੰਦਰ ਸਹਿਮ ਦਾ ਮਹੌਲ ਹੈ।
"ਈਟੀਵੀ ਭਾਰਤ" ਨੇ ਬਰਨਾਲਾ ਦੇ ਚੰਡੀਗੜ੍ਹ ਰੋਡ 'ਤੇ ਧਨੌਲਾ ਵਿਖੇ ਸਥਿਤ ਦੀਪਕ ਢਾਬੇ ਦੇ ਪ੍ਰਬੰਧਾਂ ਬਾਰੇ ਰਿਐਲਿਟੀ ਚੈੱਕ ਕੀਤਾ। ਇਸ ਦੌਰਾਨ ਈਟੀਵੀ ਭਾਰਤ ਨੇ ਵੇਖਿਆ ਕਿ ਢਾਬੇ 'ਤੇ ਆਉਣ ਵਾਲੇ ਲੋਕਾਂ ਨੂੰ ਸੈਨੀਟਾਈਜ਼ ਕਰਨ ਤੋਂ ਬਾਅਦ ਦਾਖ਼ਲ ਹੋਣ ਦਿੱਤਾ ਜਾ ਰਿਹਾ ਸੀ। ਸਮਾਜਿਕ ਦੂਰੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਸੀ ਅਤੇ ਢਾਬੇ ਦੇ ਸਮੂਹ ਕਰਮਚਾਰੀ ਮਾਸਕ ਪਾ ਕੇ ਕੰਮ ਕਰਦੇ ਨਜ਼ਰ ਆਏ।
ਈਟੀਵੀ ਭਾਰਤ ਨੇ ਢਾਬੇ 'ਤੇ ਖਾਣਾ ਖਾਣ ਪਹੁੰਚੇ ਲੋਕਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਦੀਪਕ ਢਾਬੇ 'ਤੇ ਖਾਣਾ ਖਾਣ ਆਉਂਦੇ ਜਾਂਦੇ ਰਹਿੰਦੇ ਹਨ। ਇਸ ਢਾਬੇ 'ਤੇ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਢਾਬੇ ਦੇ ਪ੍ਰਬੰਧਕਾਂ ਵਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਸੈਨੀਟਾਈਜ਼ਰ, ਸ਼ੋਸ਼ਲ ਡਿਸਟੈਂਸ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ।
ਇਸ ਮੌਕੇ ਢਾਬੇ ਦੇ ਕਰਮਚਾਰੀ ਰਮਨਦੀਪ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਢਾਬੇ 'ਚ ਕਿਸੇ ਵੀ ਵਿਅਕਤੀ ਦੇ ਦਾਖ਼ਲ ਹੋਣ ਤੋਂ ਪਹਿਲਾਂ ਸੈਨੀਟਾਈਜ਼ ਕਰਵਾਇਆ ਜਾਂਦਾ ਹੈ। ਢਾਬੇ ਦੇ ਫਰਨੀਚਰ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਸਾਰੇ ਕਰਮਚਾਰੀਆਂ ਦੇ ਮਾਸਕ ਪਹਿਨਾਏ ਜਾ ਰਹੇ ਹਨ। ਖਾਣਾ ਖਾਣ ਪਹੁੰਚੇ ਲੋਕਾਂ ਲਈ ਸ਼ੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਢਾਬੇ ਦੇ ਸਮੂਹ ਕਰਮਚਾਰੀਆਂ ਦਾ ਕੋਰੋਨਾ ਟੈਸਟ ਵੀ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਰਿਪੋਰਟ ਨੈਗਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਕਰਕੇ ਲੋਕ ਡਰੇ ਅਤੇ ਸਹਿਮੇ ਹੋਏ ਹਨ, ਜਿਸ ਕਰਕੇ ਪਹਿਲਾਂ ਤੋਂ ਲੋਕ ਘੱਟ ਗਿਣਤੀ ਵਿੱਚ ਆ ਰਹੇ ਹਨ।